ਮਨੋਜ ਸ਼ਰਮਾ
ਬਠਿੰਡਾ, 31 ਜਨਵਰੀ
ਮਾਲਵਾ ਖੇਤਰ ਵਿੱਚ ਬੀਤੇ ਦਿਨੀਂ ਮੀਂਹ ਪੈਣ ਮਗਰੋਂ ਅੱਜ ਸਵੇਰ ਤੋਂ ਹੀ ਇਸ ਖਿੱਤੇ ਵਿੱਚ ਸੰਘਣੀ ਧੁੰਦ ਛਾਈ ਰਹੀ। ਅਸਮਾਨ ਵਿੱਚ ਬੱਦਲਵਾਈ ਹੋਣ ਕਾਰਨ ਸਾਰਾ ਦਿਨ ਸੂਰਜ ਦੇਵਤਾ ਆਪਣੀ ਰੌਸ਼ਨੀ ਦੇਣ ਲਈ ਜ਼ੋਰ ਅਜ਼ਮਾਈ ਕਰਦੇ ਰਹੇ। ਮੀਂਹ ਪੈਣ ਤੋਂ ਬਾਅਦ ਭਾਵੇਂ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਸੀ, ਪਰ ਅੱਜ ਧੁੰਦ ਨਾਲ ਠੰਢੀਆਂ ਹਵਾਵਾਂ ਨੇ ਜ਼ੋਰ ਫੜੀ ਰੱਖਿਆ। ਇਸ ਦੌਰਾਨ ਸਾਢੇ ਚਾਰ ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ। ਅੱਜ ਦਿਨ ਦਾ ਤਾਪਮਾਨ ਘੱਟੋ ਘੱਟ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰਾਂ ਦੇ ਸੜਕੀ ਕੰਢਿਆਂ ‘ਤੇ ਗ਼ਰੀਬ ਵਰਗ ਦੇ ਲੋਕਾਂ ਨੇ ਅੱਗ ਸੇਕ ਕੇ ਦਿਨ ਲੰਘਾਇਆ ਅਤੇ ਵਾਹਨਾਂ ਨੂੰ ਬੱਤੀਆਂ ਜਗਾ ਕਿ ਆਪਣੀ ਸੜਕੀ ਸਫ਼ਰ ਪੂਰਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸਰਦੀ ਦੇ ਇਸ ਮੌਸਮ ਵਿੱਚ ਬਠਿੰਡਾ ਲਗਾਤਾਰ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਬਣਿਆ ਹੋਇਆ ਹੈ। ਖੇਤੀ ਮਾਹਿਰ ਦਾ ਕਹਿਣਾ ਹੈ ਕਿ ਜਿੱਥੇ ਮੀਂਹ ਨੇ ਬੀਤੀ ਕੱਲ੍ਹ ਖੇਤੀ ਖੇਤਰ ਦੀ ਲੋੜ ਨੂੰ ਪੂਰਾ ਕੀਤਾ ਹੈ, ਉੱਥੇ ਉਨ੍ਹਾਂ ਧੁੰਦ ਨੂੰ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਦੱਸਿਆ। ਖੇਤੀ ਮਾਹਿਰ ਅਨੁਸਾਰ ਫਰਵਰੀ ਤੋਂ ਮਾਰਚ ਤੱਕ ਮੌਸਮ ਵਿੱਚ ਠੰਢਕ ਰਹਿਣੀ ਅਤਿ ਜ਼ਰੂਰੀ ਹੈ। ਇਸ ਨਾਲ ਕਣਕ ਦੇ ਝਾੜ ਵਿੱਚ ਬੰਪਰ ਪੈਦਾਵਾਰ ਹੋਵੇਗੀ।
ਮੌਸਮ ਵਿਭਾਗ ਵੱਲੋਂ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਧੁੰਦ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਠੰਢ ਦਾ ਦੌਰ ਜਾਰੀ ਰਿਹਾ। ਅੱਜ ਪੂਰਾ ਦਿਨ ਬੱਦਲਵਾਈ ਬਣੀ ਰਹੀ ਅਤੇ ਸੀਤ ਲਹਿਰ ਚੱਲਦੀ ਰਹੀ। ਇਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਇਲਾਕੇ ਵਿੱਚ ਘੱਟੋ ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਸਾਢੇ ਚਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨ ਮੌਸਮ ਖੁਸਕ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।