ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਫਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਯੋਜਨਾਬੱਧ ਢੰਗ ਨਾਲ ਚੋਣ ਮੁਹਿੰਮ ਚਲਾ ਰਹੇ ਹਨ। 20-20 ਵਿਅਕਤੀਆਂ ਦੀਆਂ ਕਰੀਬ 50 ਟੀਮਾਂ ਘਰੋਂ-ਘਰ ਜਾ ਕੇ ਸ਼ਹਿਰ ਦੇ 50 ਵਾਰਡਾਂ ਵਿੱਚ ਲੋਕਾਂ ਨੂੰ ਪੰਜਾਬ ਦੀ ਗੰਧਲੀ ਸਿਆਸਤ ਨੂੰ ਬਦਲਣ ਦਾ ਸੁਨੇਹਾ ਦੇ ਰਹੀਆਂ ਹਨ। ਸ੍ਰੀ ਗਿੱਲ ਨੇ ਕਿਹਾ ਕਿ ‘ਆਪ’ ਨੂੰ ਸੱਤਾਧਾਰੀ ਬਣਾਉਣ ਲਈ ਲੋਕਾਂ ’ਚ ਇੰਨਾ ਉਤਸ਼ਾਹ ਹੈ ਕਿ ਹਰ ਗਲੀ ਮੁਹੱਲੇ ਉਹ ਖੁਦ ਚੋਣ ਪ੍ਰਚਾਰ ’ਚ ਜੁਟ ਗਏ ਹਨ। ਸਭਨਾਂ ਦਾ ਸ਼ੁਕਰਗੁਜ਼ਾਰ ਹੁੰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਲੋਕਾਂ ਦੀ ਸਰਕਾਰ ਹੋਵੇਗੀ, ਜੋ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੱਤ ਦਹਾਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀਆਂ ਸਿਆਸੀ ਧਿਰਾਂ ਨੇ ਪੰਜਾਬ ਨਾਲ ਧ੍ਰੋਹ ਕਰਕੇ ਕੱਖੋਂ ਹੌਲਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸੱਤਾਨਸ਼ੀਨ ਸੇਵਾਦਾਰ ਬਣ ਕੇ ਲੋਕਾਂ ਨਾਲ ਖੜ੍ਹਦੇ ਤਾਂ ਉਨ੍ਹਾਂ ਖ਼ਿਲਾਫ਼ ਹੁਣ ਵਾਲਾ ਬਗ਼ਾਵਤੀ ਰੁਖ਼ ਨਾ ਹੁੰਦਾ।