ਪੱਤਰ ਪ੍ਰੇਰਕ
ਸੰਗਰੂਰ, 31 ਅਕਤੂਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸੁਤੰਤਰ ਭਵਨ ਵਿੱਚ ਨਾਮਵਰ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੋਚ ਬਦਲੋ ਸਮਾਜ ਬਦਲੋ’ ਲਈ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸਾਹਿਤਕਾਰ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਸ਼ਿਰਕਤ ਕੀਤੀ। ਉਨ੍ਹਾਂ ਪ੍ਰਭਜੋਤ ਕੌਰ ਢਿੱਲੋਂ ਦੀ ਪੁਸਤਕ ’ਤੇ ਚਰਚਾ ਕਰਦਿਆਂ ਕਿਹਾ ਕਿ ਲੇਖਕ ਨੂੰ ਕਦੇ ਵੀ ਨਿਰਪੱਖ ਨਹੀਂ ਰਹਿਣਾ ਚਾਹੀਦਾ, ਬਲਕਿ ਪ੍ਰਭਜੋਤ ਕੌਰ ਵਾਂਗ ਡਟ ਕੇ ਆਪਣੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਪ੍ਰਧਾਨਗੀ ਭਾਸ਼ਨ ਦੌਰਾਨ ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਪ੍ਰਭਜੋਤ ਕੌਰ ਵਰਗੇ ਸਾਹਿਤਕਾਰਾਂ ਦਾ ਰਚਿਆ ਨਰੋਆ ਸਾਹਿਤ ਹੀ ਨਰੋਏ ਸਮਾਜ ਦੀ ਉਸਾਰੀ ਦੇ ਸਮਰੱਥ ਹੁੰਦਾ ਹੈ। ਸਮਾਗਮ ਦੇ ਅਰੰਭ ਵਿੱਚ ਅਮਨ ਜੱਖਲਾਂ ਵੱਲੋਂ ਪੜ੍ਹੇ ਗਏ ਭਾਵਪੂਰਨ ਪਰਚੇ ਵਿੱਚ ਡਾ. ਮੀਤ ਖੱਟੜਾ ਨੇ ਕਿਹਾ ਕਿ ਪ੍ਰਭਜੋਤ ਕੌਰ ਢਿੱਲੋਂ ਕੋਲ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਦਾ ਹੁਨਰ ਹੈ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਕ ਸਤੁੰਲਿਤ ਸਮਾਜ ਦੀ ਸਿਰਜਣਾ ਵਿਚ ਸਿੱਖਿਆ ਹੀ ਇਕ ਮਾਤਰ ਸਭ ਤੋਂ ਵੱਡਾ ਸਾਧਨ ਹੈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਨ ਚੰਦ ਸ਼ਰਮਾਂ ਨੇ ਕਿਹਾ ਕਿ ਸਮਾਜ ਨੂੰ ਬਦਲਣ ਵਾਲੀ ਸੋਚ ਨੈਤਿਕ ਸਿੱਖਿਆ ਵਿਚੋਂ ਪੈਦਾ ਹੁੰਦੀ ਹੈ, ਜਿਸ ਵਿੱਚ ਮਾਤਾ ਪਿਤਾ ਨਾਲੋਂ ਵੀ ਵੱਧ ਅਧਿਆਪਕਾਂ ਦਾ ਯੋਗਦਾਨ ਹੁੰਦਾ ਹੈ। ਪ੍ਰਭਜੋਤ ਕੌਰ ਨੇ ਕਿਹਾ ਕਿ ਕਲਮਕਾਰਾਂ ਨੂੰ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ। ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ।