ਨਿਊ ਯਾਰਕ, 19 ਅਗਸਤ
ਇੱਥੇ ਇਕ ਹਿੰਦੂ ਮੰਦਰ ਦੇ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਅਣਪਛਾਤਿਆਂ ਨੇ ਤੋੜ-ਭੰਨ ਕੀਤੀ ਹੈ। ਇਹ ਘਟਨਾ ਇਸ ਹਫ਼ਤੇ ਦੇ ਸ਼ੁਰੂ ਵਿਚ ਵਾਪਰੀ ਸੀ ਤੇ ਇਸ ਦੇ ਨਫ਼ਰਤੀ ਅਪਰਾਧ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਇਸ ਮਾਮਲੇ ਵਿਚ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਇਕ ਵਿਅਕਤੀ ਹਥੌੜੇ ਨਾਲ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਹਥੌੜੇ ਦੀ ਮਾਰ ਨਾਲ ਬੁੱਤ ਦਾ ਉਪਰਲਾ ਹਿੱਸਾ ਤੋੜ ਦਿੱਤਾ ਤੇ ਬੁੱਤ ਵੀ ਡੇਗ ਦਿੱਤਾ। ਕੁਝ ਮਿੰਟਾਂ ਬਾਅਦ ਛੇ ਜਣਿਆਂ ਦੇ ਇਕ ਗਰੁੱਪ ਨੇ ਬੁੱਤ ਦੀ ਹੋਰ ਤੋੜ-ਭੰਨ ਕੀਤੀ। ਰਿਚਮੰਡ ਹਿੱਲ ਖੇਤਰ ਵਿਚ ਸਥਿਤ ਸ੍ਰੀ ਤੁਲਸੀ ਮੰਦਰ ਦੇ ਸੰਸਥਾਪਕ ਲਖਰਾਮ ਮਹਾਰਾਜ ਨੇ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਹੈ। ਲਖਰਾਮ ਮਹਾਰਾਜ ਨੇ ਦੱਸਿਆ ਕਿ ਬੁੱਤ ਨੂੰ ਲਗਭਗ ਮਲਬੇ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੰਦਰ ਦੇ ਸਾਹਮਣੇ ‘ਕੁੱਤਾ’ ਲਿਖ ਕੇ ਸਪਰੇਅ ਪੇਂਟ ਕਰ ਦਿੱਤਾ ਗਿਆ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਗਾਂਧੀ ਦੇ ਇਸੇ ਬੁੱਤ ਨੂੰ ਦੋ ਹਫ਼ਤੇ ਪਹਿਲਾਂ ਵੀ ਨੁਕਸਾਨ ਪਹੁੰਚਾਇਆ ਗਿਆ ਸੀ। ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਬੁੱਤ ਦੀ ਭੰਨ-ਤੋੜ ਤੋਂ ਬਾਅਦ ਭਾਰਤੀ ਭਾਈਚਾਰਾ ਬਹੁਤ ਨਿਰਾਸ਼ ਹੈ। ਨਿਊ ਯਾਰਕ ਪੁਲੀਸ ਵਿਭਾਗ ਵੱਲੋੋਂ ਦੋਵਾਂ ਮਾਮਲਿਆਂ ਦੀ ਨਫ਼ਰਤੀ ਅਪਰਾਧ ਦੇ ਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ। ਮਹਾਰਾਜ ਨੇ ਕਿਹਾ ਕਿ ਭਾਈਚਾਰੇ ਦੇ ਕਈ ਮੈਂਬਰ ਹੁਣ ਮੰਦਰ ਜਾਣ ਤੋਂ ਡਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਕਈ ਹਿੱਸਿਆਂ ਵਿਚ ਮਹਾਤਮਾ ਗਾਂਧੀ ਦੇ ਬੁੱਤਾਂ ਦੀ ਭੰਨ-ਤੋੜ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। -ਪੀਟੀਆਈ