ਕੋਲਕਾਤਾ, 2 ਮਾਰਚ
ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਦੇ ਦਸ ਮਹੀਨਿਆਂ ਮਗਰੋਂ ਸਥਾਨਕ ਚੋਣਾਂ ਵਿੱਚ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ ਹੈ। ਸੂਬਾਈ ਚੋਣ ਕਮਿਸ਼ਨ ਅਧਿਕਾਰੀ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਟੀਐੱਮਸੀ ਨੇ ਨਗਰ ਕੌਂਸਲ ਦੀਆਂ 108 ਵਿੱਚੋਂ 102 ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। ਟੀਐੱਮਸੀ ਨੇ ਨੰਦੀਗ੍ਰਾਮ ਤੋਂਂ ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੇ ਗੜ੍ਹ ਕਾਂਥੀ ਨਗਰ ਕੌਂਸਲ ਦੀ ਸੀਟ ਵੀ ਹਥਿਆ ਲਈ ਹੈ। ਸਿਆਸਤ ਵਿੱਚ ਨਵੀਂ ਆਈ ਹਮਰੋ ਪਾਰਟੀ ਨੇ ਟੀਐੱਮਸੀ, ਜੀਜੇਐੱਮ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਦਾਰਜੀਲਿੰਗ ਨਗਰ ਕੌਂਸਲ ਸੀਟ ਜਿੱਤ ਲਈ ਹੈ। ਸੀਪੀਐੱਮ ਦੀ ਅਗਵਾਈ ਵਾਲੇ ਖੱਬੇ ਮੋਰਚੇ ਨੇ ਨਾਦੀਆ ਜ਼ਿਲ੍ਹੇ ਦੇ ਤਹਿਰਪੁਰ ਨਗਰ ਕੌਂਸਲ ਦੀ ਸੀਟ ਜਿੱਤੀ ਹੈ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ 77 ਸੀਟਾਂ ’ਤੇ ਜੇਤੂ ਰਹੀ ਪੱਛਮੀ ਬੰਗਾਲ ਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਨਗਰ ਕੌਂਸਲ ਦੀ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ। ਕਾਂਗਰਸ ਦੇ ਹੱਥ ਵੀ ਕੋਈ ਸੀਟ ਨਹੀਂ ਆਈ। ਕਾਂਥੀ ਨਗਰ ਕੌਂਸਲ ਦੀ ਸੀਟ ਹਥਿਆ ਕੇ ਟੀਐੱਮਸੀ ਨੇ ਸੁਵੇਂਦੂ ਅਧਿਕਾਰੀ ਅਤੇ ਉਸ ਦੇ ਪਰਿਵਾਰ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਅਧਿਕਾਰੀ ਪਰਿਵਾਰ ਪਿਛਲੇ ਚਾਰ ਦਹਾਕਿਆਂ ਤੋਂ ਇਸ ਸੀਟ ’ਤੇ ਕਾਬਜ਼ ਚੱਲਦਾ ਆ ਰਿਹਾ ਸੀ। -ਪੀਟੀਆਈ