ਇੰਫਾਲ (ਮਨੀਪੁਰ), 19 ਅਗਸਤ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਪਰ ਪਰਿਵਾਰਕ ਮੁਸ਼ਕਲਾਂ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।
ਇਥੇ ਆਸਾਮ ਰਾਈਫਲਜ਼ ਦੀ 57ਵੀਂ ਮਾਊਂਟੇਨ ਡਵੀਜ਼ਨ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਵਿੱਚ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਵੀ ਦਿੱਤੀ ਸੀ। ਉਨ੍ਹਾਂ ਕਿਹਾ, ‘ਮੈਂ ਆਪਣੇ ਬਚਪਨ ਦੀ ਕਹਾਣੀ ਬਿਆਨ ਕਰਦਾ ਹਾਂ। ਫੋਜ ਵਿੱਚ ਭਰਤੀ ਲਈ ਸ਼ਾਰਟ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦਿੱਤੀ ਸੀ ਪਰ ਪਰਿਵਾਰਕ ਮੁਸ਼ਕਲਾਂ, ਜਿਨ੍ਹਾਂ ਵਿੱਚ ਪਿਤਾ ਦੀ ਮੌਤ ਵੀ ਸ਼ਾਮਲ ਹੈ, ਕਾਰਨ ਫੌਜ ਵਿੱਚ ਭਰਤੀ ਨਹੀਂ ਹੋ ਸਕਿਆ।’
ਇਸ ਮੌਕੇ ਰਾਜਨਾਥ ਸਿੰਘ ਨਾਲ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਵੀ ਹਾਜ਼ਰ ਸਨ। ਦੋਹਾਂ ਆਗੂਆਂ ਨੇ ਇੰਸਪੈਕਟਰ-ਜਨਰਲ ਆਫ ਆਸਾਮ ਰਾਈਫਲਜ਼ (ਦੱਖਣੀ) ਦੇ ਮੰਤਰੀਪੁਖਰੀ ਸਥਿਤ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਆਸਾਮ ਰਾਈਫਲਜ਼ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਸੁਰੱਖਿਆ ਦਲਾਂ ਵੱਲੋਂ ਦਿਖਾਈ ਬਹਾਦਰੀ ਨੂੰ ਸਰਾਹਿਆ। -ਪੀਟੀਆਈ
ਮਨੀਪੁਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਨਾਸ਼ਤੇ ਵੇਲੇ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨਾਲ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੌਕੇ ਫੌਜ ਮੁਖੀ ਜਨਰਲ ਮਨੋਜ ਪਾਂਡੇ, ਭਾਜਪਾ ਦੀ ਮਨੀਪੁਰ ਇਕਾਈ ਦੀ ਪ੍ਰਧਾਨ ਏ. ਸ਼ਾਰਧਾ ਦੇਵੀ ਅਤੇ ਸੂਬਾਈ ਭਾਜਪਾ ਆਗੂ ਵੀ ਹਾਜ਼ਰ ਸਨ। ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਸਮੇਂ ਰਾਜਨਾਥ ਸਿੰਘ ਦੇ ਕਾਫਲੇ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਮਨੀਪੁਰ ਦੇ ਦੋ ਰੋਜ਼ਾ ਦੌਰੇ ’ਤੇ ਹਨ।