ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 13 ਸਤੰਬਰ
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਖੇ ਕਰੋੜਾਂ ਰੁਪਏ ਦੇ ਕਰਵਾਏ ਗਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸੀਨੀਅਰ ਆਗੂ ਤੇ ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਦਿੜ੍ਹਬਾ, ਐਡਵੋਕੇਟ ਸੇਖੋਂ, ਰਾਜੇਸ ਸ਼ਰਮਾ, ਐੱਸਡੀਐੱਮ ਦਿੜ੍ਹਬਾ, ਇੰਦਰਜੀਤ ਸ਼ਰਮਾ, ਮਾਸਟਰ ਓਮ ਪ੍ਰਕਾਸ਼ ਜਿੰਦਲ ਅਤੇ ਹੋਰ ਆਪ ਆਗੂ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਦਿੜ੍ਹਬਾ ਵਿਖੇ ਪੌਣੇ 2 ਕਰੋੜ ਰੁਪਏ ਨਾਲ ਕਰਵਾਏ ਗਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਕੁਝ ਨਵੇਂ ਕੰਮਾਂ ਲਈ 3 ਕਰੋੜ 19 ਲੱਖ ਰੁਪਏ ਜਾਰੀ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ 18 ਹੋਰ ਵਿਕਾਸ ਕੰਮਾਂ ਲਈ 3.19 ਕਰੋੜ ਰੁਪਏ ਦੀ ਨਵੀਂ ਗਰਾਂਟ ਜਾਰੀ ਕੀਤੀ ਗਈ ਹੈ ਅਤੇ ਹੋਰ ਵੀ ਕੰਮ ਪਹਿਲ ਦੇ ਅਧਾਰ ’ਤੇ ਪੂਰੇ ਕਰਾਂਗੇ। ਆਉਣ ਵਾਲੇ ਸਮੇਂ ਵਿੱਚ 16 ਤੋਂ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦਿੜ੍ਹਬਾ ਦੇ ਸਾਰੇ ਸਰਕਾਰੀ ਦਫ਼ਤਰ ਇੱਕ ਛੱਤ ਹੇਠ ਇਕੱਠੇ ਕੀਤੇ ਜਾਣਗੇ। ਇਸ ਤੋਂ ਇਲਾਵਾ ਸਬਜ਼ੀ ਮੰਡੀ ਦੇ ਫੜ੍ਹ ਲਈ ਬੱਤੀ ਲੱਖ ਰੱਖਿਆ ਗਿਆ ਹੈ। ਬੱਸ ਸਟੈਂਡ ਅਤੇ ਹੋਰ ਮੰਗਾਂ ਵੀ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਵਿਚ ਰਹਿ ਕੇ ਹੀ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋ ਰਿਹਾ ਹੈ ਅਤੇ ਪਹਿਲੀ ਵਾਰ ਹੈ ਕਿ ਆਮ ਆਦਮੀ ਸਰਕਾਰ ਦੇ ਛੇ ਮਹੀਨਿਆਂ ਦੇ ਕਾਰਜਕਾਲ ਵਿਚ ਜੀਐੱਸਟੀ ਦੇ ਪੁਰਾਣੇ ਟੈਕਸ ਦੀ ਕੁਲੈਕਸ਼ਨ ਵਿੱਚੋਂ 24 ਪ੍ਰਤੀਸ਼ਤ ਵਾਧਾ ਹੋਇਆ ਹੈ। ਨਵੀਂ ਐਕਸਾਇਜ਼ ਪਾਲਿਸੀ ਆਉਣ ਨਾਲ ਪਹਿਲਾਂ ਮਾਲੀਆ 900 ਕਰੋੜ ਆਉਂਦਾ ਸੀ ਉਹ ਹੁਣ 9600 ਕਰੋੜ ਵਿੱਚ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ 17 ਪ੍ਰਤੀਸ਼ਤ ਸਿੱਖਿਆ ਵਿੱਚ ਵਾਧਾ ਕੀਤਾ ਹੈ, 47 ਪ੍ਰਤੀਸ਼ਤ ਟੈਕਨੀਕਲ ਐਜੂਕੇਸ਼ਨ ਵਿੱਚ ਅਤੇ 57 ਪ੍ਰਤੀਸ਼ਤ ਮੈਡੀਕਲ ਐਜੂਕੇਸ਼ਨ ਵਿੱਚ ਵਾਧਾ ਕੀਤਾ ਗਿਆ ਹੈ।