ਪਣਜੀ, 19 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਦੇ ਸੱਤ ਕਰੋੜ ਪਰਿਵਾਰਾਂ ਨੂੰ ਪਾਈਪਾਂ ਰਾਹੀਂ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਪਿੰਡਾਂ ’ਚ ਅਜਿਹੇ 10 ਕਰੋੜ ਕੁਨੈਕਸ਼ਨ ਦੇ ਕੇ ਇਤਿਹਾਸ ਸਿਰਜ ਦਿੱਤਾ ਹੈ। ਜਲ ਸੁਰੱਖਿਆ ਨੂੰ ਦੁਨੀਆ ’ਚ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਵੱਲ ਕਦਮ ਵਧਾਉਣ ’ਚ ਇਹ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋ ਸਕਦੀ ਹੈ। ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਦੇਸ਼ ਦੇ ਮੌਜੂਦਾ ਅਤੇ ਭਵਿੱਖ ਬਾਰੇ ਕੋਈ ਫਿਕਰ ਨਹੀਂ ਹੈ, ਉਹ ਸਿਰਫ਼ ਜਲ ਸੰਭਾਲ ਦੀ ਗੱਲ ਕਰਦੇ ਰਹੇ ਪਰ ਇਸ ਮੁੱਦੇ ਦੇ ਹੱਲ ਲਈ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ ਬਹੁਤੀ ਮਿਹਨਤ ਦੀ ਲੋੜ ਨਹੀਂ ਪੈਂਦੀ ਹੈ ਪਰ ਦੇਸ਼ ਨੂੰ ਬਣਾਉਣ ਲਈ ਵੱਡੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਸ੍ਰੀ ਮੋਦੀ ਗੋਆ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ’ਚ 100 ਫ਼ੀਸਦੀ ਜਲ ਸਪਲਾਈ ਸਬੰਧੀ ਕਰਵਾਏ ਗਏ ਪ੍ਰੋਗਰਾਮ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰ ਰਹੇ ਸਨ। ਪਣਜੀ ’ਚ ਹੋਏ ਸਮਾਗਮ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਉਠਾਏ ਗਏ ਵੱਖ ਵੱਖ ਕਦਮਾਂ ਦਾ ਹਾਂ-ਪੱਖੀ ਨਤੀਜਾ ਨਿਕਲਿਆ ਹੈ।
‘ਰਿਪੋਰਟਾਂ ਮੁਤਾਬਕ ਦੇਸ਼ ’ਚ ਜਲਗਾਹਾਂ ਵਧ ਕੇ 75 ਹੋ ਗਈਆਂ ਹਨ ਜਿਨ੍ਹਾਂ ’ਚੋਂ 50 ਪਿਛਲੇ ਅੱਠ ਸਾਲਾਂ ’ਚ ਬਣੀਆਂ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਉਚੇਚੇ ਤੌਰ ’ਤੇ ਜਲ ਸ਼ਕਤੀ ਮੰਤਰਾਲਾ ਬਣਾਇਆ ਹੈ ਜੋ ਜਲ ਸੰਭਾਲ ਅਤੇ ਉਸ ਦੀ ਸੁਰੱਖਿਆ ਲਈ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ। ਮਹਾਮਾਰੀ ਦੌਰਾਨ ਵੀ ਮੰਤਰਾਲੇ ਅਤੇ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਨੇ ਆਪਣਾ ਕੰਮ ਨਹੀਂ ਰੋਕਿਆ ਜਿਸ ਦੇ ਹੁਣ ਨਤੀਜੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਘਰ ਜਲ ਯੋਜਨਾ ਦਾ ਸਭ ਤੋਂ ਵੱਡਾ ਲਾਭ ਮਹਿਲਾਵਾਂ ਨੂੰ ਹੋਇਆ ਹੈ ਅਤੇ ਕੁਪੋਸ਼ਣ ਖ਼ਿਲਾਫ਼ ਜੰਗ ’ਚ ਵੀ ਤਾਕਤ ਮਿਲੀ ਹੈ। -ਪੀਟੀਆਈ