ਲਖਨਊ, 1 ਨਵੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਹ ਅਗਲੇ ਸਾਲ ਸ਼ੁਰੂਆਤ ਵਿਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਚੋਣ ਨਹੀਂ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਵਿਚਾਲੇ ਗੱਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪੀਟੀਆਈ ਨਾਲ ਗੱਲਬਾਤ ਦੌਰਾਨ ਸ੍ਰੀ ਯਾਦਵ ਨੇ ਕਿਹਾ, ”ਰਾਸ਼ਟਰੀ ਲੋਕ ਦਲ ਨਾਲ ਸਾਡਾ ਗੱਠਜੋੜ ਹੋ ਗਿਆ ਹੈ। ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ।” ਆਜ਼ਮਗੜ੍ਹ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਅਖਿਲੇਸ਼ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣ ਨਹੀਂ ਲੜਨਗੇ। ਚੋਣਾਂ ਵਿਚ ਚਾਚਾ ਸ਼ਿਵਪਾਲ ਯਾਦਵ ਦੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ (ਪੀਐੱਸਪੀਐੱਲ) ਨੂੰ ਨਾਲ ਲੈਣ ਦੀ ਸੰਭਾਵਨਾ ਬਾਰੇ ਅਖਿਲੇਸ਼ ਨੇ ਕਿਹਾ, ”ਮੈਨੂੰ ਇਸ ਵਿਚ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਲੋਕਾਂ ਨੂੰ ਉਚਿਤ ਮਾਣ-ਸਨਮਾਨ ਦਿੱਤਾ ਜਾਵੇਗਾ।” ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਬਾਰੇ ਆਖ਼ਰੀ ਫ਼ੈਸਲਾ ਕਦੋਂ ਲਿਆ ਜਾਵੇਗਾ। -ਪੀਟੀਆਈ