ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 18 ਜੁਲਾਈ
ਮੁਹਾਲੀ ਪੁਲੀਸ ਨੇ ਲੜਕੀਆਂ ਪੇਸ਼ ਕਰਨ ਦੀ ਸਰਵਿਸ ਦੇਣ ਦੇ ਬਹਾਨੇ ਲੋਕਾਂ ਨੂੰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਜਾਂਦੀ ਇੱਕ ਕਾਰ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਵਿਸ਼ਾਂਤ ਚੌਧਰੀ ਅਤੇ ਦੇਵੀ ਲਾਲ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 12 ਜੁਲਾਈ ਨੂੰ ਉਹ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਕਾਰ ਵਿੱਚ ਮੁਹਾਲੀ ਆਏ ਸਨ ਜਿਸ ਦੌਰਾਨ ਉਸ ਦੇ ਦੋਸਤ ਹੈਪੀ ਨੇ ਪਹਿਲਾਂ ਆਪਣੇ ਮੋਬਾਈਲ ਤੋਂ ਜਸਟ ਡਾਇਲ ’ਤੇ ਐਸਕਾਰਟ ਸਰਵਿਸ ਦਾ ਨੰਬਰ ਡਾਇਲ ਕੀਤਾ ਅਤੇ ਫਿਰ ਫੋਨ ਕੱਟ ਦਿੱਤਾ। ਕੁਝ ਸਮੇਂ ਬਾਅਦ ਹੈਪੀ ਦੇ ਵਟਸਐਪ ਨੰਬਰ ’ਤੇ ਕੁਝ ਮੈਸਿਜ ਆਉਣੇ ਸ਼ੁਰੂ ਹੋ ਗਏ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਇਸ ਉਪਰੰਤ ਇੱਕ ਲੜਕੀ ਕਾਰ ਦੀ ਪਿਛਲੀ ਸੀਟ ’ਤੇ ਬੈਠ ਗਈ। ਲੜਕੀ ਨੇ ਉਸਦੇ ਦੋਸਤ ਤੋਂ 6 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਉਸਦੇ ਦੋਸਤ ਵੱਲੋਂ ਪੈਸੇ ਨਾ ਦੇਣ ਕਾਰਨ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ। ਇਸ ਉਪਰੰਤ ਲੜਕੀ ਨੇ ਆਪਣੇ ਦੋਸਤ ਬਲਕਾਰ ਸਿੰਘ ਵਾਸੀ ਦਿੜ੍ਹਬਾ (ਸੰਗਰੂਰ) ਨੂੰ ਫੋਨ ਕਰ ਕੇ ਸੱਦ ਲਿਆ। ਬਲਕਾਰ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਫੇਜ਼-7 ਅਤੇ ਫੇਜ਼-8 ਲਾਲ ਬੱਤੀ ਪੁਆਇੰਟ ਨੇੜੇ ਉਨ੍ਹਾਂ ਦੀ ਕਾਰ ਅੱਗੇ ਆਪਣੀ ਕਾਰ ਲਗਾ ਕੇ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਕਤ ਵਿਅਕਤੀ ਉਸ ਤੋਂ ਦੋ ਫੋਨ ਖੋਹ ਕੇ ਫਰਾਰ ਹੋ ਗਏ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਉਕਤ ਵਿਅਕਤੀ ਐਸਕੋਰਟ ਸਰਵਿਸ ਦੇ ਨਾਮ ’ਤੇ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਨਗਦੀ ਲੁੱਟਦੇ ਹਨ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅਮਰਨਾਥ ਨੇ ਪਿੰਡ ਕੁੰਭੜਾ ਪਹੁੰਚ ਕੇ ਬਲਕਾਰ ਸਿੰਘ, ਇਨਸਾਫ਼ ਸਿੰਘ ਅਤੇ ਇੱਕ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਬਲਕਾਰ ਸਿੰਘ ਕੋਲੋਂ ਸੈਮਸੰਗ ਕੰਪਨੀ ਦਾ ਮੋਬਾਈਲ ਵੀ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਇਨਸਾਫ਼ ਸਿੰਘ ਦੀ ਨਿਸ਼ਾਨਦੇਹੀ ’ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ (ਤਰਨ ਤਾਰਨ) ਜੋ ਮੌਜੂਦਾ ਸਮੇਂ ਵਿੱਚ ਕੁੰਭੜਾ ਦੇ ਪੀਜੀ ਵਿੱਚ ਰਹਿੰਦਾ ਹੈ, ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਗੁਰਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਸਵੀਟੀ ਵਾਸੀ ਪਿੰਡ ਕੁੰਭੜਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਇਨ੍ਹਾਂ ਦੇ ਦੋ ਹੋਰ ਸਾਥੀਆਂ ਵਿਸ਼ਾਲ ਗਿੱਲ ਅਤੇ ਰਾਹੁਲ ਉਰਫ਼ ਪੰਡਿਤ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।