ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੇ ਅੱਜ ਕਰੋਨਾ ਮਹਾਮਾਰੀ ਕਰਕੇ ਬੰਦ ਕੀਤੇ ਸਕੂਲ ਖੁੱਲ੍ਹਵਾਉਣ ਲਈ ਬਲਾਕ ਸਿੱਧਵਾਂ ਬੇਟ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ। ਕਿਸਾਨਾਂ ਦੀ ਇਸ ਟੀਮ ’ਚ ਗੁਰਮੇਲ ਸਿੰਘ ਭਰੋਵਾਲ, ਰਾਮਸ਼ਰਨ ਸਿੰਘ ਰਸੂਲਪੁਰ, ਪਰਵਾਰ ਸਿੰਘ ਗਾਲਬਿ, ਪਰਮਜੀਤ ਸਿੰਘ ਪੰਮਾ, ਡਾ. ਸੁਖਦੇਵ ਭੂੰਦੜੀ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮਾਪੇ, ਵਿਦਿਆਰਥੀ ਅਤੇ ਅਧਿਆਪਕ ਸਾਰੇ ਹੀ ਚਾਹੁੰਦੇ ਹਨ ਕਿ ਬੱਚਿਆਂ ਦੇ ਉਸਾਰੂ ਭਵਿੱਖ ਲਈ ਸਾਰੇ ਵਿਦਿਅਕ ਅਦਾਰੇ ਫੌਰੀ ਤੌਰ ’ਤੇ ਖੋਲ੍ਹੇ ਜਾਣ। ਇਸ ਦੇ ਉਲਟ ਲੋਕਾਂ ਦੀ ਮੰਗ ਹੈ ਕਿ ਗੈਰ ਉਪਜਾਊ ਅਦਾਰੇ ਸ਼ਰਾਬ ਦੇ ਠੇਕੇ ਆਦਿ ਬੰਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੰਗ ਪੂਰੀ ਨਾ ਹੋਣ ’ਤੇ 7 ਫਰਵਰੀ ਨੂੰ ਕਸਬਾ ਸਿੱਧਵਾਂ ਬੇਟ ਦੇ ਚੌਕ ’ਚ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਦੋ ਘੰਟੇ ਲਈ ਮੁਕੰਮਲ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ।