ਖੇਤਰੀ ਪ੍ਰਤੀਨਿਧ
ਪਟਿਆਲਾ, 16 ਮਈ
ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਰੰਭੇ ਪ੍ਰੋਗਰਾਮ ‘ਤੁਹਾਡੀ ਸਰਕਾਰ ਤੁਹਾਡੇ ਦੁਆਰ’ ਨੂੰ ਪਟਿਆਲਾ ਜ਼ਿਲ੍ਹੇ ’ਚ ਲਾਗੂ ਕਰਨ ਲਈ ਪ੍ਰਸ਼ਾਸਨ ਵੱਲੋਂ ਰਣਨੀਤੀ ਬਣਾ ਲਈ ਗਈ ਹੈ। ਜ਼ਿਲ੍ਹੇ ’ਚ 9 ਥਾਵਾਂ ’ਤੇ ‘ਮੁੱਖ ਮੰਤਰੀ ਡੈਸਕ’ ਸਥਾਪਤ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਡੈਸਕ ਜ਼ਿਲ੍ਹਾ ਪੱਧਰ ਤੇ ਸਬ-ਡਵੀਜ਼ਨ ਪੱਧਰ ’ਤੇ ਸਥਾਪਤ ਕੀਤੇ ਜਾਣਗੇ। ਜ਼ਿਲ੍ਹਾ ਪੱਧਰੀ ਡੈਸਕ ’ਤੇ ਬਾਹਰਲੇ ਜ਼ਿਲ੍ਹਿਆਂ ਤੋਂ ਪ੍ਰਾਪਤ ਦਰਖਾਸਤਾਂ ਵੀ ਹੋਣਗੀਆਂ, ਜਿਨ੍ਹਾਂ ਦਾ ਨਿਪਟਾਰਾ ਮੁੱਖ ਮੰਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵੱਲੋਂ ਕੀਤਾ ਜਾਣਾ ਹੈ।