ਵਿਕਰਮਜੀਤ ਸਿੰਘ ਤਿਹਾੜਾ
ਗੁਰੂ ਸਾਹਿਬਾਨ ਦੀ ਵਰੋਸਾਈ ਗੁਰਮੁਖੀ ਲਿਪੀ ਦਾ ਅਜੋਕੇ ਸਥਾਨ ਤਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਹੈ। ਇਸ ਦਾ ਇਤਿਹਾਸ ਵੀ ਸਿੱਖ ਇਤਿਹਾਸ ਦੀ ਤਰ੍ਹਾਂ ਸਾਹਸ ਭਰਿਆ ਹੈ। ਗੁਰੂ ਸਾਹਿਬਾਨ ਨੇ ਗੁਰਮੁਖੀ ਨੂੰ ਪਿਆਰਿਆ। ਬਿਪਰ ਪ੍ਰਧਾਨ ਪ੍ਰਬੰਧ ਜੋ ਸਦੀਆਂ ਤੋਂ ਲੋਕ ਜ਼ਿਹਨ ਅਤੇ ਜੀਵਨ ’ਤੇ ਗਲਬਾ ਪਾਈ ਬੈਠਾ ਸੀ, ਉਸ ਨੂੰ ਕਿਵੇਂ ਵੀ ਇਹ ਮਨਜ਼ੂਰ ਨਹੀਂ ਸੀ। ਗੁਰਮੁਖੀ ਗੁਰਾਂ ਤੋਂ ਥਾਪੜਾ ਹਾਸਿਲ ਹੋਣ ਕਰਕੇ ਜੂਝਦੀ ਰਹੀ ਅਤੇ ਸਾਧਾਰਨ ਲੋਕ ਵਰਗ ਤਕ ਬਹੁਤ ਤੇਜ਼ੀ ਨਾਲ ਅੱਪੜਦੀ ਰਹੀ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਗੁਰਮੁਖੀ ਵੀ ਲੋਕ ਹਿਰਦਿਆਂ ਵਿੱਚ ਸਥਾਨ ਗ੍ਰਹਿਣ ਕਰਦੀ ਹੈ। ਗੁਰਬਾਣੀ ਜਿਹੀ ਇਲਾਹੀ ਦਾਤ ਅਤੇ ਬਖਸ਼ਿਸ਼ ਆਖ਼ਰ ਪ੍ਰਾਪਤ ਤਾਂ ਇਸੇ ਲਿਪੀ ਵਿੱਚ ਹੋਈ। ਸਦੀਆਂ ਬਾਅਦ ਸਾਧਾਰਨ ਲੋਕਾਂ ਨੇ ਕੁਝ ਮਹਿਸੂਸ ਕੀਤਾ ਸੀ, ਉਨ੍ਹਾਂ ਰੂਹਾਨੀਅਤ ਦੀਆਂ ਨਿੱਘੀਆਂ-ਕੋਮਲ ਰਮਜ਼ਾਂ ਨੂੰ ਜਾਣਿਆ ਤੇ ਜੀਵਨ ਦੇ ਅਰਥਾਂ ਨੂੰ ਵੀ ਸਮਝਿਆ।
ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੇਂਦਰਾਂ – ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਆਦਿ ਵਿਖੇ ਸਿੱਖ ਧਰਮ ਨੂੰ ਸਥਾਪਿਤ ਕਰਨ ਲਈ ਹੋਰ ਬਹੁਤ ਅਹਿਮ ਕਾਰਜ ਕੀਤੇ ਗਏ। ਇਸ ਦੇ ਨਾਲ ਹੀ ਗੁਰਮੁਖੀ ਲਈ ਵਿਸ਼ੇਸ਼ ਉਪਰਾਲੇ ਵੀ ਹੋਏ। ਇਨ੍ਹਾਂ ਸਥਾਨਾਂ ’ਤੇ ਪਹੁੰਚਣ ਵਾਲਾ ਜਗਿਆਸੂ ਗੁਰਮੁਖੀ ਦੀ ਦਾਤ ਵੀ ਹਾਸਿਲ ਕਰਦਾ। ਜਲਦੀ ਹੀ ਗੁਰਮੁਖੀ ਦੇ ਬਹੁਤ ਸਾਰੇ ਲਿਖਾਰੀ ਪੈਦਾ ਹੋ ਗਏ। ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸੰਸਥਾਵਾਂ ਜਿਵੇਂ ਮੰਜੀ ਅਤੇ ਮਸੰਦਾਂ ਦੀ ਸੰਸਥਾ ਨੇ ਗੁਰਮੁਖੀ ਨੂੰ ਦੂਰ-ਦੁਰੇਡੇ ਤਕ ਪਹੁੰਚਾਇਆ। ਬਿਪਰ ਦੀ ਕੈਦ ਤੋਂ ਮੁਕਤ ਹੋਣ ਲਈ ਹਰ ਮਨੁੱਖ ਚਾਅ ਨਾਲ ਗੁਰਮੁਖੀ ਸਿੱਖਦਾ ਅਤੇ ਗੁਰਾਂ ਦੀ ਇਲਾਹੀ ਬਾਣੀ ਨਾਲ ਜੁੜਦਾ।
ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅੱਜ ਵੀ ਹੈ। ਗੁਰਾਂ ਦੇ ਨਾਂ ’ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਰਾਹੀਂ ਗੁਰਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲੱਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ’ਤੇ ਮਿਸਾਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿੱਚ ਗੁਜ਼ਾਰੇ ਕਰਦਾ ਵੀ ਚੜ੍ਹਦੀ ਕਲਾ ਵਿੱਚ ਰਿਹਾ। ਘੋੜਿਆਂ ਦੀਆਂ ਕਾਠੀਆਂ ’ਤੇ ਰਹਿੰਦੇ ਹੋਏ ਖਾਲਸੇ ਨੇ ‘ਚੜ੍ਹਦੀ ਕਲਾ’ ਵਾਲੇ ਖਾਲਸਾਈ ਬੋਲੇ ਸਿਰਜੇ। ਜੰਗ ਵਿੱਚ ਜੂਝਣ ਵਾਲਾ ਸਿੱਖ ਭਾਵੇਂ ਕਿਸੇ ਵੀ ਉਦੇਸ਼ ਨਾਲ ਲੜ ਰਿਹਾ ਸੀ ਪਰ ਜਦੋਂ ਉਹ ਪੰਜਾਬ ਅਤੇ ਇਸ ਧਰਤੀ ਦੀ ਹੋਂਦ, ਪਹਿਚਾਣ ਲਈ ਲੜ ਰਿਹਾ ਸੀ ਤਾਂ ਅਸਿੱਧੇ ਤੌਰ ’ਤੇ ਗੁਰਮੁਖੀ ਲਈ ਵੀ ਲੜ ਰਿਹਾ ਸੀ।
ਸਿੱਖ ਸੰਪਰਦਾਵਾਂ ਨਾਲ ਸਬੰਧਿਤ ਸਾਧੂਆਂ ਨੇ ਗੁਰਮੁਖੀ ਨੂੰ ਹਿੰਦੋਸਤਾਨ ਦੇ ਕੋਨੇ ਕੋਨੇ ਤਕ ਪਹੁੰਚ ਦਿੱਤਾ। ਆਮ ਲੋਕਾਂ ਦੇ ਘਰਾਂ ਤਕ ਪਹੁੰਚ ਕੇ ‘ਵਾਹਿਗੁਰੂ’ ਦਾ ਆਵਾਜ਼ਾ ਦਿੰਦੇ ਹੋਏ ਗੁਰਮੁਖੀ ਦਾ ਬੀਜ ਅਗਲੇ ਦੀ ਝੋਲੀ ਪਾ ਆਉਂਦੇ। ਗੁਰਮੁਖੀ ਦੇ ਬੂਟੇ ਥਾਂ ਥਾਂ ਲੱਗਦੇ ਗਏ ਅਤੇ ਇਨ੍ਹਾਂ ਦੀ ਛਾਂ ਹੇਠ ਪਲਣ ਵਾਲੇ ਜ਼ਾਲਮ ਹਕੂਮਤਾਂ ਅੱਗੇ ਹਿੱਕ ਡਾਹ ਕੇ ਜੂਝਦੇ ਰਹੇ। ਖਾਲਸਾ ਰਾਜ (1849 ਈ.) ਦੀ ਸਮਾਪਤੀ ਤੋਂ ਬਾਅਦ ਬਰਤਾਨਵੀ ਹਕੂਮਤ ਸਮੇਂ ਅਤੇ ਉਸ ਤੋਂ ਬਾਅਦ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਚਲੇ ਗਏ। ਸਮੁੰਦਰਾਂ ਪਾਰ ਜਾਂਦੇ ਮੁਸਾਫ਼ਰ ਬਣੇ ਪੰਜਾਬੀਆਂ ਨਾਲ ਗੁਰਮੁਖੀ ਨੇ ਵੀ ਨਵੀਂਆਂ ਧਰਤੀਆਂ ’ਤੇ ਪੈਰ ਪਸਾਰੇ। ਜਿੱਥੇ ਜਿੱਥੇ ਵੀ ਪੰਜਾਬ ਦੇ ਜਾਏ ਗਏ, ਗੁਰਮੁਖੀ ਵੀ ਉੱਥੇ ਉੱਥੇ ਉਨ੍ਹਾਂ ਨਾਲ ਹੀ ਜਾਂਦੀ ਗਈ। ਮੁੱਢਲੇ ਸਮਿਆਂ ਵਿੱਚ ਚਾਹੇ ਉਨ੍ਹਾਂ ਨੂੰ ਆਪਣੀ ਹੋਂਦ, ਪਹਿਚਾਣ, ਧਰਮ ਆਦਿ ਲਈ ਬਹੁਤ ਸੰਘਰਸ਼ ਕਰਨਾ ਪਿਆ, ਫਿਰ ਵੀ ਮੁਖ ਗੁਰੂ ਵੱਲ ਹੀ ਰਹੇ। ਪੰਜਾਬ ਦੇ ਜਾਏ ਨਿੱਤ ਦੀਆਂ ਮੁਹਿੰਮਾਂ ਦੇ ਆਦੀ ਸਨ ਅਤੇ ਜੂਝਦੇ ਰਹੇ। ਗੁਰਮੁਖੀ ਪ੍ਰਤੀ ਉਨ੍ਹਾਂ ਦਾ ਪਿਆਰ, ਜ਼ਜ਼ਬਾਤ ਅਤੇ ਭਾਵਨਾ ਉਨ੍ਹਾਂ ਵੱਲੋਂ ਵਤਨੀ ਪਾਈਆਂ ਚਿੱਠੀਆਂ ਵਿੱਚੋਂ ਪ੍ਰਗਟ ਹੁੰਦੇ। ਆਜ਼ਾਦੀ ਦੀ ਲਹਿਰ ਚੱਲੀ ਤਾਂ ਗੁਰਮੁਖੀ ਅੱਖਰਾਂ ਵਿੱਚ ਪਰਚੇ ਨਿਕਲਣ ਲੱਗੇ। ਇਨ੍ਹਾਂ ਪਰਚਿਆਂ ਦੀ ਗੂੰਜ ਅੰਗਰੇਜ਼ਾਂ ਹਕੂਮਤ ਨੂੰ ਕੰਬਣੀ ਛੇੜ ਦਿੰਦੀ ਰਹੀ। ਗੁਰਮੁਖੀ ਦੇ ਜਾਏ ਮੂਹਰੇ ਹੋ ਕੇ ਜੂਝੇ ਅਤੇ ਸ਼ਹਾਦਤਾਂ ਦਿੱਤੀਆਂ।
ਭਾਰਤ ਆਜ਼ਾਦ ਹੋਇਆ ਪਰ ਪੰਜਾਬ ਵੰਡਿਆ ਗਿਆ। 1947 ਦੀ ਵੰਡ ਤੋਂ ਬਾਅਦ ਵੀ ਵਾਰ ਵਾਰ ਵੰਡਿਆ ਗਿਆ। ਇਸ ਵੰਡ ਦਾ ਸੰਤਾਪ ਜਿੱਥੇ ਲੱਖਾਂ ਲੋਕਾਂ ਨੇ ਭੁਗਤਿਆ, ਉੱਥੇ ਗੁਰਮੁਖੀ ਨੇ ਵੀ ਭੁਗਤਿਆ। ਘਰ-ਬਾਰ ਛੱਡ, ਜਾਨਾਂ ਗੁਆਉਂਦੇ, ਲੁਟਾਉਂਦੇ ਪੰਜਾਬੀਆਂ ਕੋਲ ਇੱਕੋ ਸਵਾਲ ਸੀ ਕਿ ਪੰਜਾਬ ਉਨ੍ਹਾਂ ਲਈ ਪਰਾਇਆ ਕਿਵੇਂ ਹੋ ਸਕਦਾ ਹੈ। ਪੰਜ ਆਬਾਂ ਦੀ ਧਰਤੀ ਦੇ ਪਾਣੀ ਕਿਵੇਂ ਵੰਡੇ ਜਾ ਸਕਦੇ ਹਨ ਅਤੇ ਕਿਵੇਂ ਰੂਹ ਸਰੀਰ ਤੋਂ ਵਿਛੜ ਸਕਦੀ ਹੈ। ਬਹੁਤ ਸਾਰੇ ਲੋਕਾਂ ਨੇ ਆਪਣੀ ਧਰਤੀ ਨੂੰ ਚੁਣਿਆ ਅਤੇ ਆਪਣੀ ਮਿੱਟੀ ਵਿੱਚ ਸਮਾ ਗਏ। ਪੰਜਾਬ ਸਿਆਸਤ ਦੀ ਭੇਟ ਚੜ੍ਹ ਗਿਆ। ਵੰਡ ਤੋਂ ਬਾਅਦ ਲਹਿੰਦੇ ਪੰਜਾਬ ਤੋਂ ਗੁਰਮੁਖੀ ਜਿਵੇਂ ਜੁਦਾ ਹੋ ਗਈ ਹੋਵੇ। ਉਂਜ, ਚੜ੍ਹਦੇ ਪੰਜਾਬ ਵਿੱਚ ਵੀ ਗੁਰਮੁਖੀ ਦਾ ਹਾਲ ਕੋਈ ਬਿਹਤਰ ਨਾ ਰਿਹਾ। ਅਜੇ ਵੰਡ ਦੇ ਜ਼ਖਮਾਂ ’ਤੇ ਬੂਰ ਵੀ ਨਹੀਂ ਆਇਆ ਸੀ ਕਿ ਪੰਜਾਬੀ ਸੂਬੇ ਲਈ ਮੋਰਚਾ ਲੱਗ ਗਿਆ। ਚੜ੍ਹਦਾ ਪੰਜਾਬ ਫਿਰ ਵੰਡਿਆ ਗਿਆ। ਗੁਰਮੁਖੀ ਤੋਂ ਬਹੁਤ ਸਾਰੇ ਉਸ ਦੇ ਆਪਣੇ ਹੀ ਮੁਖ ਫੇਰ ਗਏ। ਭੈੜੀ ਸਿਆਸਤ ਦੀ ਗ੍ਰਿਫ਼ਤ ਵਿੱਚ ਆਏ ਲੋਕ ਇੱਕ ਦੂਜੇ ਲਈ ਬੇਗਾਨੇ ਹੋ ਗਏ। ਗੁਰਮੁਖੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਫ਼ਨਾ ਦਿੱਤਾ। ਗੁਰਮੁਖੀ ਤੋਂ ਬੇਮੁਖ ਹੋ ਅੰਗਰੇਜ਼ੀ-ਹਿੰਦੀ ਅਤੇ ਹੋਰ ਭਾਸ਼ਾਵਾਂ ਅਪਣਾਉਣ ਦੀ ਦੌੜ ਚੱਲ ਪਈ।
ਨੌਕਰੀਆਂ, ਸਟੇਟਸਾਂ ਅਤੇ ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰਨ ਦੀ ਦੌੜ ਨੇ ਗੁਰਮੁਖੀ ਲਈ ਘਰਾਂ ਵਿੱਚ ਰਹਿਣਾ ਵੀ ਔਖਾ ਕਰ ਦਿੱਤਾ ਹੈ। ਦਫ਼ਤਰਾਂ ਵਿੱਚ ਤਾਂ ਸ਼ਹਿਰੀ ਬਾਬੂਆਂ ਅਤੇ ਪ੍ਰਵਾਸੀਆਂ ਦੇ ਪ੍ਰਭਾਵ ਨੇ ਪਹਿਲਾਂ ਹੀ ਕਾਰਾ ਕਰ ਦਿੱਤਾ ਸੀ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਜਦੋਂ ਪੰਜਾਬੀ ਬੋਲਣ ’ਤੇ ਜੁਰਮਾਨਾ ਲੱਗਦਾ ਹੈ ਤਾਂ ਸੋਚਦਾ ਹਾਂ, ਗੁਰਮੁਖੀ ਦੇ ਜਾਏ ਗੁਰਮਖੀ ਬਿਨਾਂ ਕਿਵੇਂ ਜੀਅ ਸਕਣਗੇ? ਇਹ ਤਾਂ ਭਵਿੱਖ ਦਾ ਸਵਾਲ ਹੈ ਪਰ ਇਸ ਦਾ ਜਵਾਬ ਨਿਸ਼ਚਿਤ ਇਹੀ ਹੈ ਕਿ ਇਹੀ ਅੰਤ ਹੋਵੇਗਾ।
ਗੁਰਾਂ ਦੇ ਨਾਂ ’ਤੇ ਜੀਣ ਵਾਲਾ ਪੰਜਾਬ ਗੁਰਮੁਖੀ ਦੀ ਲੋਰੀ ਨਾਲ ਵੱਡਾ ਹੁੰਦਾ ਅਤੇ ਗੁਰਾਂ ਦੀ ਬਾਣੀ ਦੀ ਗੁੜ੍ਹਤੀ ਨਾਲ ਹੀ ਪਲਦਾ ਹੈ। ਮਹਾਨ ਇਤਿਹਾਸ ਅਤੇ ਵਿਰਸੇ ਦੇ ਮਾਲਕ ਗੁਰਮੁਖੀ ਬਾਝੋਂ ਕੱਖਾਂ ਤੋਂ ਵੀ ਹੌਲੇ ਹਨ। ਇਸ ਲਈ ਲੋੜ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਮੁਖੀ ਅੱਖਰਾਂ ਦਾ ਗਹਿਣਾ ਪਹਿਨਾਈਏ…। ਫਿਰ ਭਾਵੇਂ ਤੱਤੀਆਂ ਹਵਾਵਾਂ ਵੀ ਕਿਉਂ ਨਾ ਵਗਣ… ਗੁਰਮੁਖੀ ਦੇ ਬੂਟੇ ਦੀ ਹਰਿਆਵਲ ਸਦਾ ਬਰਕਰਾਰ ਰਹੇਗੀ।
ਸੰਪਰਕ: 98555-34961