ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਜੰਮੂ ਦੇ ਵਪਾਰੀ ਤੋਂ ਲੁੱਟਖੋਹ ਕਰਨ ਵਾਲੇ ਆਟੋ ਚਾਲਕ ਸਣੇ ਤਿੰਨ ਮੁਲਜ਼ਮਾਂ ਨੂੰ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਇਲਾਕੇ ’ਚੋਂ ਹੀ ਨਾਕੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਲੁੱਟਿਆ ਹੋਇਆ ਸਾਮਾਨ ਤੇ ਵਾਰਦਾਤ ’ਚ ਵਰਤਿਆ ਜਾਣ ਵਾਲਾ ਆਟੋ ਬਰਮਾਦ ਹੋਇਆ। ਮੁਲਜ਼ਮਾਂ ਦੀ ਪਛਾਣ ਗਿਆਸਪੁਰਾ ਬਾਪੂ ਮਾਰਕੀਟ ਦੇ ਗੌਰਵ ਕੁਮਾਰ ਉਰਫ਼ ਗੋਰਾ, ਸ਼ਿਮਲਾਪੁਰੀ ਮੈਟ ਦੀ ਚੱਕੀ ਦੇ ਕੋਲ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਰਾਜਨ ਤੇ ਗਿਆਸਪੁਰਾ ਸੂਆ ਰੋਡ ਵਾਸੀ ਰਾਹੁਲ ਕੁਮਾਰ ਵਜੋਂ ਹੋਈ ਹੈ। ਏਸੀਪੀ ਦੱਖਣੀ ਵੈਭਵ ਸਹਿਗਲ ਨੇ ਦੱਸਿਆ ਕਿ ਮੇਰਠ ਦੇ ਪਿੰਡ ਫਤਿਹਪੁਰ ਦੇ ਰਹਿਣ ਵਾਲਾ ਇਰਫਾਨ ਜੋ ਜੰਮੂ ਵਿਜੈਪੁਰ ’ਚ ਫੈਬਰੀਕੇਸ਼ਨ ਦਾ ਕਾਰੋਬਾਰ ਕਰਦਾ ਹੈ। । 8 ਜੁਲਾਈ ਨੂੰ ਮਸ਼ੀਨਾਂ ਠੀਕ ਕਰਵਾਉਣ ਤੋਂ ਬਾਅਦ ਉਸ ਨੂੰ ਆਟੋ ਚਾਲਕ ਮਿਲਿਆ। ਇਰਫਾਨ ਨੇ ਉਸ ਨੂੰ ਰੇਲਵੇ ਸਟੇਸ਼ਨ ਛੱਡਣ ਦੀ ਗੱਲ ਕਹੀ ਤੇ ਕਿਹਾ ਕਿ ਉਥੇ ਨੇੜੇ ਇੱਕ ਹੋਟਲ ’ਚ ਕਮਰਾ ਦਿਵਾ ਦੇਵੇ। ਆਟੋ ਚਾਲਕ ਗੌਰਵ ਉਸ ਨੂੰ ਝਾਂਸਾ ਦੇ ਕੇ ਬਿਠਾ ਲੈ ਗਿਆ। ਉਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਬਾਅਦ ’ਚ ਉਸ ਨੂੰ ਲੁਧਿਆਣਾ ਘੁੰਮਾਉਣ ਦੇ ਬਹਾਨੇ ਇੱਧਰ ਉਧਰ ਘੁਮਾਇਆ। ਮੁਲਜ਼ਮਾਂ ਨੇ ਲੁਹਾਰਾ ਪੁੱਲ ਨਹਿਰ ਕੋਲ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ ਲੁੱਟਖੋਹ ਕੀਤੀ ਤੇ ਫ਼ਰਾਰ ਹੋ ਗਏ।