ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜਨਵਰੀ
ਇਥੋਂ ਦੇ ਗੁਰਦੁਆਰਾ ਨਾਨਕਪੁਰਾ ਮੋਰੀ ਗੇਟ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਅੱਜ ਨਗਰ ਕੀਰਤਨ ਸਜਾਇਆ ਗਿਆ। ਠੰਢ ਅਤੇ ਸਵੇਰ ਤੋਂ ਹੀ ਹੋ ਰਹੀ ਕਿਣ-ਮਿਣ ਦੇ ਬਾਵਜੂਦ ਸੰਗਤਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਗੁਰਦੁਆਰੇ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸ਼ੁਰੂ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ‘ਆਪ’ ਆਗੂ ਪ੍ਰੋ. ਸੁਖਵਿੰਦਰ ਸੁੱਖੀ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਆਦਿ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਆਗਮਨ ਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ। ਗੁਰਦੁਆਰੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਨਗਰ ਕੀਰਤਨ ਵਾਪਸ ਗੁਰਦੁਆਰੇ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਸਤੇ ’ਚ ਥਾਂ-ਥਾਂ ਸੰਗਤਾਂ ਵੱਲੋਂ ਚਾਹ, ਪਕੌੜਿਆਂ, ਫਲਾਂ, ਸਮੋਸਿਆ ਆਦਿ ਦੇ ਲੰਗਰ ਲਾਏ ਗਏ।
ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ
ਲੁਧਿਆਣਾ (ਨਿੱਜੀ ਪੱਕਰ ਪ੍ਰੇਰਕ): ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਵੱਖ-ਵੱਖ ਗੁਰੂਘਰਾਂ ਵਿੱਚ ਹੋਏ, ਜਿਨ੍ਹਾਂ ਵਿੱਚ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਗੁਰਦੁਆਰਾ ਸ਼ਹੀਦਾਂ, ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਮਾਗਮ ਹੋਏ, ਜਿਥੇ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਐੱਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ।