ਪਰਸ਼ੋਤਮ ਬੱਲੀ
ਬਰਨਾਲਾ, 30 ਨਵੰਬਰ
ਕੌਮਾਂਤਰੀ ਕਲਾਕਾਰ ਸੰਗਮ, ਪੰਜਾਬ ਅਤੇ ਅਦਾਰਾ ‘ਕਲਾਕਾਰ’ ਵੱਲੋਂ ਮਾਲਵਾ ਸਾਹਿਤ ਸਭਾ, ਬਰਨਾਲਾ ਦੇ ਸਹਿਯੋਗ ਨਾਲ ਅੱਜ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਲਦੇਵ ਸਿੰਘ ਸੜਕਨਾਮਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰ ਸਿੰਘ ਤੇਜ, ਪਰਮਜੀਤ ਮਾਨ, ਡਾ. ਜੋਗਿੰਦਰ ਸਿੰਘ ਨਿਰਾਲਾ, ਨਿਰੰਜਣ ਬੋਹਾ, ਪ੍ਰੋ. ਸਿਮਰਜੀਤ ਕੌਰ ਬਰਾੜ ਤੇ ‘ਕਲਾਕਾਰ’ ਦੇ ਸੰਪਾਦਕ ਕੰਵਰਜੀਤ ਭੱਠਲ ਸ਼ਾਮਲ ਸਨ।
ਕੰਵਰਜੀਤ ਭੱਠਲ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਇਸ ਮਗਰੋਂ ਕੰਵਰਜੀਤ ਭੱਠਲ ਵੱਲੋਂ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਦਾ ਸਨਮਾਨ ਪੱਤਰ ਪੜ੍ਹਿਆ ਗਿਆ ਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਉਨ੍ਹਾਂ ਨੂੰ ‘ਕਰਨਲ ਨਰੈਣ ਸਿੰਘ ਭੱਠਲ ਕਲਾਕਾਰ ਸਾਹਿਤਕ ਪੱਤਰਕਾਰ ਪੁਰਸਕਾਰ’, 21 ਹਜ਼ਾਰ ਰੁਪਏ, ਦੋਸ਼ਾਲੇ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਆ ਗਿਆ। ਫਿਰ ਪਰਮਜੀਤ ਮਾਨ ਨੂੰ 24ਵੇਂ ਭੱਠਲ ਕਹਾਣੀ ਮੁਕਾਬਲੇ ’ਚ ਅੱਵਲ ਆਉਣ ਅਤੇ ਨਿਰੰਜਣ ਬੋਹਾ ਨੂੰ ਦੂਜੇ ਸਥਾਨ ’ਤੇ ਰਹਿਣ ’ਤੇ ਭੱਠਲ ਕਹਾਣੀ ਪੁਰਸਕਾਰ ਦਿੱਤਾ ਗਿਆ। ਦੋਵੇਂ ਕਹਾਣੀਕਾਰਾਂ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। 13ਵਾਂ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ ਕਹਾਣੀਕਾਰ ਪ੍ਰੋ. ਸਿਮਰਜੀਤ ਕੌਰ ਬਰਾੜ ‘ਸਿੰਮੀ’ ਨੂੰ ਦਿੱਤਾ ਗਿਆ। ਤੇਜਿੰਦਰ ਫਰਵਾਹੀ ਤੇ ਸਿਮਰਜੀਤ ‘ਸਿੰਮੀ’ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਮਾਗਮ ਦੇ ਅਖੀਰ ਵਿੱਚ ਕੰਵਰਜੀਤ ਭੱਠਲ ਵੱਲੋਂ ਸੰਪਾਦਿਤ ਸੋਵੀਨਰ ‘ਪਰਿਕਰਮਾ ਅੱਧੀ ਸਦੀ ਦੀ’ ਅਤੇ ਕਾਵਿ ਸੰਗ੍ਰਹਿ ‘ਬੇਮਤਲਬ’ ਰਿਲੀਜ਼ ਕੀਤੇ ਗਏ। ਓਮ ਪ੍ਰਕਾਸ਼ ਗਾਸੋ, ਡਾ. ਨਿਰਾਲਾ, ਭੋਲਾ ਸਿੰਘ ਸੰਘੇੜਾ, ਪਵਨ ਪਰਿੰਦਾ ਤੇ ਜਸਵੀਰ ਰਾਣਾ ਨੇ ਸੋਵੀਨਾਰ ਬਾਰੇ ਵਿਚਾਰ ਪੇਸ਼ ਕੀਤੇ। ਬਲਦੇਵ ਸੜਕਨਾਮਾ ਨੇ ਸਮੁੱਚੇ ਪ੍ਰੋਗਰਾਮ ਬਾਰੇ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਮੌਕੇ ਸਾਰਿਆਂ ਨੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੀ ਜਿੱਤ ਲਈ ਦੁਆਵਾਂ ਮੰਗੀਆਂ। ਸਮਾਗਮ ਦੀ ਕਾਰਵਾਈ ਡਾ. ਤਰਸਪਾਲ ਕੌਰ ਨੇ ਬਾਖ਼ੂਬੀ ਨਿਭਾਈ ਅਤੇ ਡਾ. ਸੁਰਜੀਤ ਖੁਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਲੇਖਕਾਂ ਨੇ ਰਚਨਾਵਾਂ ਸੁਣਾ ਕੇ ਬੰਨ੍ਹਿਆ ਸਮਾਂ
ਸਮਾਗਮ ਵਿੱਚ ਸ਼ਾਇਰ ਰਾਮ ਸਰੂਪ ਸ਼ਰਮਾ, ਚਰਨੀ ਬੇਦਿਲ, ਜਗਤਾਰ ਬੈਂਸ, ਗਮਦੂਰ ਰੰਗੀਲਾ, ਅਸ਼ੋਕ ਚੁਟਾਨੀ, ਮੇਜਰ ਸਿੰਘ ਰਾਜਗੜ੍ਹ, ਜਗਮੀਤ ਪੰਧੇਰ, ਤੇਜਾ ਸਿੰਘ ਤਿਲਕ, ਤੇਜਿੰਦਰ, ਰਾਜਿੰਦਰਜੀਤ ਕਾਲਾਬੂਲਾ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਸੁਣਾਈਆਂ। ਇਸ ਤੋਂ ਇਲਾਵਾ ਟੱਲੇਵਾਲੀਆ ਦੇ ਜਥੇ ਨੇ ਕਵੀਸ਼ਰੀ ਅਤੇ ਮੁੰਬਈ ਤੋਂ ਆਏ ਫ਼ਿਲਮੀ ਸ਼ਾਇਰ ਸ਼ੈਲਿੰਦਰ ਨੇ ਨਜ਼ਮਾਂ ਸੁਣਾ ਕੇ ਸਮਾਂ ਬੰਨ੍ਹਿਆ।