ਦਾਮੋਹ (ਮੱਧ ਪ੍ਰਦੇਸ਼), 17 ਅਪਰੈਲ
ਮੱਧ ਪ੍ਰਦੇਸ਼ ਦੇ ਦਾਮੋਹ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਵਿਆਹ ਵਾਲੇ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 12 ਜਣੇ ਝੁਲਸ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੇਤਰਾ ਥਾਣਾ ਇੰਚਾਰਜ ਸ਼ਿਆਮ ਬਿਹਾਰੀ ਮਿਸ਼ਰਾ ਨੇ ਦੱਸਿਆ ਕਿ ਸ਼ਿਕਾਰਪੁਰਾ ਪਿਪਰੀਆ ਪਿੰਡ ਵਿੱਚ ਅੱਜ ਸਵੇਰੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਅੱਗ ਉਸ ਸਮੇਂ ਲੱਗੀ, ਜਦੋਂ ਇੱਕ ਵਿਅਕਤੀ ਮੋਟਰਸਾਈਕਲ ਵਿੱਚੋਂ ਪੈਟਰੋਲ ਕੱਢ ਰਿਹਾ ਸੀ। ਇਹ ਉਸ ਖੇਤਰ ਤੱਕ ਫੈਲ ਗਈ, ਜਿੱਥੇ ਵਿਆਹ ਪ੍ਰੋਗਰਾਮ ਲਈ ਖਾਣਾ ਬਣਾਇਆ ਜਾ ਰਿਹਾ ਸੀ। ਮਿਸ਼ਰਾ ਨੇ ਦੱਸਿਆ ਕਿ ਅੱਗ ਵਿੱਚ 12 ਜਣੇ ਝੁਲਸ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਤੋਂ ਇਲਾਵਾ ਦੋ ਬੱਚੇ ਅਤੇ ਇੱਕ ਚਾਰ ਸਾਲ ਦੀ ਲੜਕੀ ਸ਼ਾਮਲ ਹੈ। ਉਨ੍ਹਾਂ ਨੂੰ ਦਾਮੋਹ ਜ਼ਿਲ੍ਹੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ