ਕਾਲਾਂਵਾਲੀ: ਕਸਬਾ ਔਢਾਂ ਦੇ ਕੋਲ ਇੱਕ ਢਾਬੇ ’ਤੇ ਖੜ੍ਹੇ ਕੈਂਟਰ ਵਿੱਚੋਂ ਅਣਪਛਾਤੇ ਚੋਰ ਨੇ 70 ਹਜ਼ਾਰ ਰੁਪਏ ਅਤੇ ਮੋਬਾਈਲ ਚੋਰੀ ਕਰ ਲਿਆ ਹੈ। ਥਾਣਾ ਔਢਾਂ ਪੁਲੀਸ ਨੇ ਕੈਂਟਰ ਡਰਾਈਵਰ ਦੀ ਸ਼ਿਕਾਇਤ ’ਤੇ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਔਢਾਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੈਂਟਰ ਚਾਲਕ ਦੀਪਕ ਕੁਮਾਰ ਵਾਸੀ ਕੈਥਲ ਦੱਸਿਆ ਕਿ ਉਹ ਕੈਥਲ ਤੋਂ ਬਿਸਕੁਟ ਲੈ ਕੇ ਡੱਬਵਾਲੀ ਆਇਆ ਸੀ। ਕੈਂਟਰ ਵਿੱਚੋਂ ਬਿਸਕੁਟ ਉਤਾਰ ਕੇ ਅਤੇ ਪੈਮੇਂਟ ਲੈ ਕੇ ਉਹ ਵਾਪਸ ਕੈਥਲ ਜਾ ਰਿਹਾ ਸੀ। ਇਸ ਦੌਰਾਨ ਉਹ ਆਪਣੇ ਸਹਾਇਕ ਪਰਵੇਸ਼ ਨਾਲ ਰਸਤੇ ਵਿੱਚ ਸ਼ਰਮਾ ਢਾਬੇ ’ਤੇ ਖਾਣਾ ਖਾਣ ਲਈ ਰੁਕਿਆ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਕੈਂਟਰ ਕੋਲ ਆਏ ਤਾਂ ਵੇਖਿਆ ਕਿ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕੈਂਟਰ ’ਚ ਰੱਖੀ 70 ਹਜ਼ਾਰ ਦੀ ਨਗਦੀ ਅਤੇ ਪਰਵੇਸ਼ ਦਾ ਮੋਬਾਈਲ ਕੋਈ ਚੋਰੀ ਕਰ ਕੇ ਲੈ ਗਿਆ ਸੀ। ਸਬ-ਇੰਸਪੈਕਟਰ ਅਜੀਤ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ਼ ਚੋਰੀ ਦਾ ਕੇਸ ਦਰਜ ਲਿਆ ਹੈ ਅਤੇ ਜਾਂਚ ਜਾਰੀ ਹੈ। -ਪੱਤਰ ਪ੍ਰੇਰਕ