ਨਵੀਂ ਦਿੱਲੀ, 16 ਮਈ
ਭਾਰਤ, ਪਾਕਿਸਤਾਨ ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਹੋਰਨਾਂ ਮੈਂਬਰ ਮੁਲਕਾਂ ਨੇ ਅੱਜ ਵੱਖ-ਵੱਖ ਖੇਤਰੀ ਸੁਰੱਖਿਆ ਚੁਣੌਤੀਆਂ ’ਤੇ ਤਾਲਮੇਲ ਵਧਾਉਣ ਬਾਰੇ ਵਿਚਾਰ-ਚਰਚਾ ਕੀਤੀ। ਭਾਰਤ ਦੀ ਮੇਜ਼ਬਾਨੀ ਵਿਚ ਹੋਈ ਮੀਟਿੰਗ ਵਿਚ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਡੂੰਘਾ ਵਿਚਾਰ-ਵਟਾਂਦਰਾ ਹੋਇਆ। ਤਾਲਿਬਾਨ ਦੇ ਸ਼ਾਸਨ ਵਾਲੇ ਮੁਲਕ ’ਚ ਸਰਗਰਮ ਅਤਿਵਾਦੀ ਸੰਗਠਨਾਂ ਵੱਲੋਂ ਖੜ੍ਹੇ ਕੀਤੇ ਖ਼ਤਰਿਆਂ ਨਾਲ ਨਜਿੱਠਣ ਬਾਰੇ ਵੱਖ-ਵੱਖ ਮੁਲਕਾਂ ਨੇ ਆਪਣੇ ਪੱਖ ਰੱਖਿਆ। ਇਸ ਬੈਠਕ ਲਈ ਪਾਕਿਸਤਾਨ ਨੇ ਆਪਣੀ ਤਿੰਨ ਮੈਂਬਰੀ ਟੀਮ ਭੇਜੀ ਹੈ। ਇਹ ਮੀਟਿੰਗ ਐੱਸਸੀਓ ਦੇ ਖੇਤਰੀ ਅਤਿਵਾਦ ਵਿਰੋਧੀ ਢਾਂਚੇ (ਰੈਟਸ ਐੱਸਸੀਓ) ਤਹਿਤ ਹੋ ਰਹੀ ਹੈ ਜਿਸ ਦੀ ਅਗਵਾਈ ਇਕ ਸਾਲ ਲਈ ਭਾਰਤ ਕੋਲ ਹੈ। ਇਸੇ ਤਰ੍ਹਾਂ ਦੀ ਇਕ ਕਾਨਫਰੰਸ ਭਾਰਤ ਵਿਚ ਦਸੰਬਰ ’ਚ ਵੀ ਹੋਈ ਸੀ। ਜ਼ਿਕਰਯੋਗ ਹੈ ਕਿ ਐੱਸਸੀਓ ਇਕ ਵੱਡਾ ਆਰਥਿਕ ਤੇ ਸੁਰੱਖਿਆ ਮੰਚ ਹੈ। ਅਫ਼ਗਾਨਿਸਤਾਨ ਦੇ ਦੂਤ ਫਰੀਦ ਮਮੁੰਦਜ਼ੇਅ ਨੇ ਟਵੀਟ ਕੀਤਾ ਕਿ ਉਹ ਇਸ ਕਾਨਫਰੰਸ ਦੀ ਮੇਜ਼ਬਾਨੀ ਲਈ ਭਾਰਤ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਇਸ ਮੀਟਿੰਗ ਵਿਚ ਇਨ੍ਹਾਂ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। -ਪੀਟੀਆਈ