ਮਨਪ੍ਰੀਤ ਸਿੰਘ
ਮਾਨਸਰ, 19 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਪਿੰਡ ਨੰਗਲ ਅਵਾਣਾ ਦੇ ਕਿਸਾਨ ਸੌਰਵ ਮਿਨਹਾਸ ਨੇ ਢਾਈ ਏਕੜ ਕਣਕ ਦੀ ਫ਼ਸਲ ਵਾਹ ਦਿੱਤੀ। ਇਸ ਸਬੰਧੀ ਸੌਰਵ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਾਹੁਣ ਦਾ ਮੁੱਖ ਕਾਰਨ ਕਾਲੇ ਖੇਤੀ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਫ਼ਸਲ ਦੀ ਖ਼ਰੀਦ ਐੱਫਸੀਆਈ ਕਰਦੀ ਸੀ ਪਰ ਇਸ ਵਾਰ ਰਾਜ ਸਰਕਾਰ ਕਰੇਗੀ, ਜਿਸ ਨਾਲ ਕੇਂਦਰ ਦੀ ਮੋਦੀ ਸਰਕਾਰ ਦੀ ਮਨਸ਼ਾ ਪੂਰੀ ਹੋ ਰਹੀ ਹੈ। ਇਹ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਕੀਤਾ ਖੁੱਲ੍ਹੀ ਮੰਡੀ ਦਾ ਤਜਰਬਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਇਸ ਦਾ ਖਾਤਮਾ ਦੇਸ਼ ਦਾ ਖਾਤਮਾ ਹੋਵੇਗਾ। ਇਸ ਲਈ ਮੋਦੀ ਸਰਕਾਰ ਨੂੰ ਤੁਰੰਤ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ’ਤੇ ਕਿਸਾਨ ਅੰਦੋਲਨ ਦਾ ਅਸਰ ਸਿੱਧੇ ਤੌਰ ’ਤੇ ਵੇਖਣ ਨੂੰ ਮਿਲਿਆ ਹੈ। ਇਸੇ ਕਰਕੇ ਭਾਜਪਾ ਆਪਣੇ ਗੜ੍ਹਾਂ ’ਚ ਵੀ ਬੁਰੀ ਤਰ੍ਹਾਂ ਹਾਰਦੀ ਹੋਈ ਕੁਝ ਕੁ ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ।