ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲਾਲ ਕਿਲੇ ’ਤੇ 20 ਅਤੇ 21 ਅਪਰੈਲ ਨੂੰ ਹੋਣ ਵਾਲੇ ਸਮਾਗਮਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਜਾਇਜ਼ਾ ਲੈਣ ਮਗਰੋਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਤਹਿਤ 20 ਅਪਰੈਲ ਨੂੰ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦੂਜੇ ਦਿਨ 21 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮਾਂ ਵਿਚ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ 400 ਬੱਚੇ ਤੇ 400 ਰਾਗੀ ਸਿੰਘਾਂ ਦੇ ਜਥੇ ਕੀਰਤਨ ਕਰਨਗੇ। ਲਾਈਟ ਐਂਡ ਸਾਊਂਡ ਸ਼ੋਅ ਸਣੇ ਹੋਰ ਪ੍ਰਦਰਸ਼ਨੀਆਂ ਵੀ ਲੱਗਣਗੀਆਂ। ਪ੍ਰਧਾਨ ਮੰਤਰੀ ਇਸ ਮੌਕੇ ਯਾਦਗਾਰੀ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ। ਦੋਵਾਂ ਆਗੂਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਸੰਗਤ ਵਿਚ ਵੱਡਾ ਉਤਸ਼ਾਹ ਹੈ ਤੇ ਮੱਧ ਪ੍ਰਦੇਸ਼ ਤੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਇਨ੍ਹਾਂ ਪ੍ਰੋਗਰਾਮਾਂ ਵਿਚ ਹਾਜ਼ਰੀ ਭਰੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਇਤਿਹਾਸਕ ਤੇ ਯਾਦਗਾਰੀ ਪ੍ਰੋਗਰਾਮ ਹੋਣਗੇ ਜਿਸ ਲਈ ਭਾਰਤ ਸਰਕਾਰ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਕਿਸੇ ਦੇ ਜੀਵਨਕਾਲ ਵਿਚ ਇਕ ਵਾਰ ਆਉਣ ਵਾਲਾ ਮੌਕਾ ਹੈ ਤੇ ਲੋਕਾਂ ਵਿਚ ਇਸ ਗੱਲ ਦਾ ਉਤਸ਼ਾਹ ਹੈ ਕਿ ਦੇਸ਼ ਦੀ ਸਰਕਾਰ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨਤਾ ਦਿਵਸ ਪ੍ਰੋਗਰਾਮ ਇਤਿਹਾਸਕ ਲਾਲ ਕਿਲੇ ’ਤੇ ਕਰਵਾ ਕੇ ਸਾਰੀ ਦੁਨੀਆਂ ਵਿਚ ਗੁਰੂ ਸਾਹਿਬ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੀ ਹੈ।
ਇਸ ਮੌਕੇ ਕਾਹਲੋਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਵਾਹਨ ਘੱਟ ਤੋਂ ਘੱਟ ਲਿਆਵੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਮਾਮਲੇ ਵਿਚ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੰਗਤ ਇਨ੍ਹਾਂ ਬੱਸਾਂ ਰਾਹੀਂ ਪ੍ਰੋਗਰਾਮ ’ਤੇ ਆਉਣ ਨੂੰ ਤਰਜੀਹ ਦੇਵੇ।