ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਜਨਵਰੀ
ਇਥੋਂ ਨੇੜਲੇ ਪਿੰਡ ਫਤਹਿਗੜ੍ਹ ਭਾਦਸੋਂ ਵਿਖੇ ਦਲਿਤਾਂ ਦੇ ਲੋਕਾਂ ਵੱਲੋਂ ਉਸਾਰੀ ਜਾ ਰਹੀ ਧਰਮਸ਼ਾਲਾ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰੋਕੇ ਜਾਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖੜ੍ਹਾ ਹੋ ਗਿਆ। ਇਸ ਕਾਰਨ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਦੇ ਮਜ਼ਦੂਰਾਂ ਨੇ ਥਾਣਾ ਭਵਾਨੀਗੜ੍ਹ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਕੰਮ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ ਨੇ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਥਾਂ ਸਬੰਧੀ ਉਨ੍ਹਾਂ ਕੋਲ ਸਟੇਅ ਹੈ। ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਧਰਮਸ਼ਾਲਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਇਸ ਮਤੇ ਦੇ ਅਧਾਰ ’ਤੇ ਹੀ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਧਰਮਸ਼ਾਲਾ ਬਣਾਉਣ ਲਈ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਮੀਟਿੰਗ ਬਾਅਦ ਡੀਐੱਸਪੀ ਭਵਾਨੀਗੜ੍ਹ ਦੀਪਕ ਰਾਏ ਅਤੇ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੋਵਾਂ ਧਿਰਾਂ ਨੂੰ 11 ਜਨਵਰੀ ਨੂੰ ਆਪਣੇ ਆਪਣੇ ਰਿਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਤਾਂ ਕਿ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਰਜਿੰਦਰ ਸਿੰਘ ਬੰਟੀ,ਬਲਵਿੰਦਰ ਸਿੰਘ, ਬਘੇਲ ਸਿੰਘ, ਸਤਨਾਮ ਸਿੰਘ ਅਤੇ ਅਮਰੀਕ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਭਾਈਚਾਰੇ ਨਾਲ ਕੋਈ ਧੱਕੇਸ਼ਾਹੀ ਹੋਈ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ।