ਡਾ. ਖ਼ੁਸ਼ਦੀਪ ਗੋਇਲ
ਲੌਕਡਾਊਨ ਦੇ ਪਹਿਲੇ ਮਹੀਨੇ
ਘਰ ਦੀਆਂ ਛੱਤਾਂ ’ਤੇ ਖੜ੍ਹ ਕੇ,
ਪਲੇਟਾਂ ਚਮਚੇ ਖੜਕਾਉਣ
ਮੋਮਬੱਤੀਆਂ ਦੀਵੇ ਜਗਾਉਣ ਤੋਂ ਬਿਨਾਂ,
ਮੈਂ ਕੁਝ ਨਹੀਂ ਕੀਤਾ।
ਡਰਾਇੰਗ ਰੂਮ ਵਿੱਚ ਬੈਠ ਕੇ,
ਟੈਲੀਵਿਜ਼ਨ ’ਤੇ ਲੌਕਡਾਊਨ ਬਾਰੇ ਖ਼ਬਰਾਂ ਸੁਣਨ
ਚੈਨਲਾਂ ’ਤੇ ਹੁੰਦੀ ਬਹਿਸ ਸੁਣ ਦੰਦੀਆਂ ਕੱਢਣ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਬਲਦੀਆਂ ਦੁਪਹਿਰਾਂ ਵਿੱਚ ਭੁੱਖੇ ਭਾਣੇ ਪਿਆਸੇ,
ਪਰਵਾਸੀ ਮਜ਼ਦੂਰਾਂ ਨੂੰ
ਆਪਣੇ ਦੇਸ ਨੂੰ ਪੈਦਲ ਜਾਂਦੇ ਵੇਖਣ
ਉਨ੍ਹਾਂ ਦਾ ਦਰਦ ਮਹਿਸੂਸ ਕਰਨ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਸਟੇਸ਼ਨਾਂ ਅੱਡਿਆਂ ਉੱਤੇ ਮਜ਼ਦੂਰਾਂ ਦੀਆਂ
ਇਕੱਠੀਆਂ ਹੋਈਆਂ ਭੀੜਾਂ ਨੂੰ,
ਬੱਕਰੀਆਂ ਭੇਡਾਂ ਦੇ ਝੁੰਡਾਂ ਨਾਲ ਤੁਲਨਾਉਣ,
ਇਸ ਦਰਦ ਨੂੰ ਮਹਿਸੂਸ ਕਰਨ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਭੁੱਖ ਪਿਆਸ ਕਾਰਨ ਮਰੀ ਹੋਈ ਇੱਕ ਮਾਂ
ਦੇ ਗਲ ਨਾਲ ਲੱਗ ਕੇ ਰੋਂਦੇ ਕਰਲਾਉਂਦੇ,
ਇੱਕ ਨਿੱਕੇ ਜਿਹੇ ਬੱਚੇ ਉੱਤੇ ਤਰਸ ਕਰਨ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਸ਼ਾਮਾਂ ਨੂੰ ਆਪਣੇ ਦੋਸਤਾਂ ਦੇ ਨਾਲ,
ਮਜ਼ਦੂਰਾਂ ਬੱਚਿਆਂ ਮਾਵਾਂ ਦੀਆਂ ਤਕਲੀਫ਼ਾਂ ਬਾਰੇ ਗੱਲਾਂ ਕਰਨ,
ਸਰਕਾਰਾਂ ਨੂੰ ਮਾੜਾ ਬੋਲਣ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਚੰਗਾ ਹੁੰਦਾ ਜੇ ਮੈਂ ਜ਼ਮੀਨੀ ਪੱਧਰ ’ਤੇ
ਇਨ੍ਹਾਂ ਦਾ ਦਰਦ ਘਟਾਉਣ ਲਈ ਕੁਝ ਕਰਦਾ,
ਪਰ ਡਰਾਇੰਗ ਰੂਮ ਵਿੱਚ ਬੈਠ ਕੇ
ਦਿਹਾੜੀਦਾਰਾਂ ਦੀਆਂ ਤਕਲੀਫ਼ਾਂ ਉੱਤੇ ਦੁਖੀ ਹੋ ਕੇ,
ਆਪਣਾ ਫ਼ਰਜ਼ ਪੂਰਾ ਹੋਇਆ ਸਮਝਣ ਤੋਂ ਬਿਨਾਂ
ਮੈਂ ਕੁਝ ਨਹੀਂ ਕੀਤਾ।
ਈ-ਮੇਲ: khushgoyal@yahoo.com
ਨੇਤਾ
ਸੰਦੀਪ ਸਿੰਘ ‘ਬਖੋਪੀਰ’
ਹਰ ਕੋਈ ਦੂਜੇ ਨੂੰ ਹਰਾਉਣ ਨੂੰ ਫਿਰੇ,
ਆਪਣਾ ਹੀ ਨਾਂ ਚਮਕਾਉਣ ਨੂੰ ਫਿਰੇ।
ਗੱਲੀਂ-ਬਾਤੀਂ ਗੱਲ ਸਮਝਾਵੇ ਆਣ ਕੇ,
ਜਿੱਤਣ ਦੇ ਫ਼ਾਇਦੇ ਗਿਣਾਉਣ ਨੂੰ ਫਿਰੇ।
ਸਾਥ ਸਾਡਾ ਦਿਓ, ਦਿਨ ਹੋਰ ਆਉਣਗੇ,
ਗੱਲੀਂ ਬਾਤੀਂ ਜੁੱਗ ਬਦਲਾਉਣ ਨੂੰ ਫਿਰੇ।
ਸੱਤਾ ਵਿੱਚ ਆ ਕੇ ਦੁੱਖ ਤੋੜ ਦਿਆਂਗੇ,
ਵੋਟ ਤੇ ਸਪੋਰਟ, ਹਥਿਆਉਣ ਨੂੰ ਫਿਰੇ।
ਰੋਟੀ, ਰੁਜ਼ਗਾਰ ਤੁਹਾਨੂੰ ਨੌਕਰੀ ਦਿਊਂ,
ਗੱਲਾਂ-ਗੱਲਾਂ ਵਿੱਚ ਵਡਿਆਉਣ ਨੂੰ ਫਿਰੇ।
ਨਸ਼ਾ-ਪੱਤਾ ਘਰੋਂ-ਘਰੀ ਆਮ ਵੰਡਦਾ,
ਉਂਝ, ਨਸ਼ਾ ਮੁਕਤ ਦੇਸ਼ ਬਣਾਉਣ ਨੂੰ ਫਿਰੇ।
ਪੈਸੇ-ਧੇਲੇ ਨਾਲ ਕੁਝ ਵਿਕ ਜਾਣੇ ਆ,
ਜੋ ਵਿਕਦੇ ਨਾ, ਉਨ੍ਹਾਂ ਭਰਮਾਉਣ ਨੂੰ ਫਿਰੇ।
ਬਦਲੀਆਂ ਪੱਗਾਂ, ਚਿੱਟੇ ਬਾਣੇ ਪਾਏ ਆ,
ਧਰਮਾਂ ਨੂੰ ਦਾਅ ਉੱਤੇ ਲਾਉਣ ਨੂੰ ਫਿਰੇ।
ਵੱਡੇ-ਵੱਡੇ ਵਾਅਦੇ ਤੇ ਇਰਾਦੇ ਦੱਸਦਾ,
ਅੰਬਰਾਂ ਦਾ ਚੰਨ ਹੇਠਾਂ ਲਾਹੁਣ ਨੂੰ ਫਿਰੇ।
ਝੂਠੀਆਂ ਨੇ ਗੱਲਾਂ ਝੂਠੇ ਵਾਅਦੇ ਕਰਕੇ,
ਭੋਲੇ-ਭਾਲੇ ਲੋਕ ਪਿੱਛੇ ਲਾਉਣ ਨੂੰ ਫਿਰੇ।
ਇੱਕੀਵੀਂ ਸਦੀ ’ਚ ਝੂਠ ਕਿੱਥੇ ਚੱਲਣਾ,
ਨੇਤਾ ਜੀ ਨੂੰ ‘ਸੰਦੀਪ’ ਸਮਝਾਉਣ ਨੂੰ ਫਿਰੇ।
ਸੰਪਰਕ: 98153-21017
ਗ਼ਜ਼ਲ
ਪ੍ਰਕਾਸ਼ ਸਿੰਘ ਰੰਗੀ
ਕੰਡਿਆਂ ਵਿੱਚ ਖਿੜ ਆਏ ਫੁੱਲ,
ਮਹਿਕਾਂ ਖ਼ੂਬ ਲੁਟਾਏ ਫੁੱਲ।
ਮੰਦਰ ਵਿੱਚ ਭਗਵਾਨ ਦੇ ਚਰਨੀਂ
ਸ਼ਰਧਾ ਨਾਲ ਚੜ੍ਹਾਏ ਫੁੱਲ।
ਮਾਇਆ ਦੇ ਭੁੱਖੇ ਭੰਵਰੇ ਨੇ
ਡਾਲੀਉਂ ਤੋੜ ਗਿਰਾਏ ਫੁੱਲ।
ਮਖ਼ਮਲੀ ਗੱਦਿਆਂ ’ਤੇ ਕਿਧਰੇ
ਦਿਨ ਤੇ ਰਾਤ ਬਿਤਾਏ ਫੁੱਲ।
ਧਰਮ ਦੀ ਖ਼ਾਤਰ ‘ਰੰਗੀ’ ਵੇਖ
ਨੀਹਾਂ ਵਿੱਚ ਚਿਣਾਏ ਫੁੱਲ।
ਸੰਪਰਕ: 98551-02468
* * *
ਇਕ ਪਲ
ਅਮਨਪ੍ਰੀਤ ਸਿੰਘ
ਬੇਮੁਹਤਾਜ਼, ਬੇਪਰਵਾਹ, ਬੇਲਗ਼ਾਮ
ਸਮੇਂ ਦੇ ਇੱਕ ਛੋਟੇ ਜਿਹੇ ਹਿੱਸੇ
ਦਾ ਨਾਂ – ਇੱਕ ਪਲ।
ਪਰ…
ਕਦੇ ਕਦੇ ਸਦੀਆਂ ਤੋਂ ਵੀ ਲੰਮਾ
ਲੱਗਣ ਲੱਗ ਪੈਂਦਾ।
ਜਾਂ ਕਹਿ ਲਓ ਕਿ ਸਾਲਾਂ ਤੋਂ ਵੀ
ਲੰਮਾ ਹੋ ਜਾਂਦੈ
ਨਿੱਕਾ, ਮਾਮੂਲੀ ਜਿਹਾ ਪਲ।
ਜਿਸ ਨੂੰ ਅਸੀਂ ਫਜ਼ੂਲ ਹੀ ਗਵਾ ਦਿੰਦੇ।
ਕਈ ਵਾਰੀ ਕਿੰਨੇ ਹਜ਼ਾਰਾਂ ਹੀ ਪਲ,
ਇੱਕ ਪਲ ਵਿੱਚ ਬੀਤ ਗਏ ਲੱਗਦੇ।
ਕਿੰਨੀ ਪੁਰਾਣੀ ਗੱਲ ਵੀ
ਹੁਣੇ ਹੁਣੇ ਹੋਈ ਲੱਗਦੀ।
ਅਸਲ ਵਿੱਚ ਅਸੀਂ
ਪਲਾਂ ਨੂੰ ਮਾਣਦੇ ਹੀ ਨਹੀਂ।
ਜ਼ਿੰਦਗੀ ਦਾ ਹਰ ਪਲ ਸਾਨੂੰ
ਹਰ ਪਲ ਪਰਖਦਾ, ਠੋਰਦਾ, ਸਮਝਾਉਂਦਾ
ਪਰ ਉਦਾਸਾ ਜਿਹਾ ਹੋ
ਅਗਲੇ ਪਲ ਨੂੰ ਬੁਲਾ ਲੈਂਦਾ।
ਕਾਸ਼! ਸਾਨੂੰ ਇੱਕ ਪਲ ਦੀ ਅਹਿਮੀਅਤ
ਪਤਾ ਲੱਗੇ ਅਤੇ ਅਸੀਂ
ਹਰ ਪਲ ਨੂੰ
ਆਖ਼ਰੀ ਪਲ ਵਾਂਗ ਹੰਢਾਈਏ।
ਸੰਪਰਕ: 62809-32905
* * *
ਕਵੀ
ਗੁਰਿੰਦਰ ਸਿੰਘ ਕਲਸੀ
ਕਿਸੇ ਭਾਸ਼ਾ ਵਿਚ
ਹੋਣੇ ਚਾਹੀਦੇ ਨੇ
ਸਭ ਤਰ੍ਹਾਂ ਦੇ ਕਵੀ
ਛੰਦ-ਬੱਧ, ਲੈਅ, ਸੁਰ-ਤਾਲ ਵਾਲੇ
ਖੁੱਲ੍ਹੀਆਂ ਉਡਾਰੀਆਂ ਭਰਨ ਵਾਲੇ
ਛੰਦ-ਮੁਕਤ ਕਵੀ
ਹੇਕਾਂ ਲਾ ਕੇ ਗਾਉਣ ਵਾਲੇ
ਤੇ ਲਿਖੀ ਕਵਿਤਾ ਨੂੰ
ਬਸ ਹੌਲੀ ਹੌਲੀ ਸੁਣਾਉਣ ਵਾਲੇ
ਉਂਝ ਖੁੱਲ੍ਹੀਆਂ ਉਡਾਰੀਆਂ ਵੀ
ਸੌਖੀਆਂ ਨਹੀਂ
ਜਿਵੇਂ ਸੌਖਾ ਨਹੀਂ ਹੁੰਦਾ
ਕਿਸੇ ਨਿਯਮਾਂ ਦੀ ਬੱਧੀ
ਕਸੀ ਹੋਈ ਤਾਰ ਉੱਤੇ ਤੁਰਨਾ
ਜਾਂ ਤੰਗ ਰਸਤਿਆਂ ਵਿਚੋਂ
ਬਚ-ਬਚਾ ਕੇ ਲੰਘ ਜਾਣਾ
ਕਿਸੇ ਭਾਸ਼ਾ ਵਿਚ
ਚਾਹੀਦੇ ਨੇ ਕਵੀ
ਲੜਾਕੇ-ਜੁਝਾਰੂ ਵੀ
ਇਨਕਲਾਬੀ
ਤੇ ਮਨ ਦੀਆਂ ਤਹਿਆਂ ਫਰੋਲਣ ਵਾਲੇ
ਨਰਮ-ਦਿਲ ਕਵੀ ਵੀ
ਉਂਝ ਜੁਝਾਰੂ ਵੀ
ਐਨੇ ਗਰਮ ਨਹੀਂ ਹੁੰਦੇ
ਤੇ ਨਰਮ-ਦਿਲ ਵੀ
ਐਨੇ ਕੂਲ਼ੇ ਨਹੀਂ ਹੁੰਦੇ
ਦੇਸ਼ ਵਿਚ ਕਵੀ
ਗੂੰਗਾ ਭਾਵੇਂ ਹੋਵੇ
ਪਰ ਚੁੱਪ ਨਾ ਹੋਵੇ
ਸਾਨੂੰ ਚਾਹੀਦੇ ਨੇ
ਸਭ ਤਰ੍ਹਾਂ ਦੇ ਕਵੀ।
ਸੰਪਰਕ: 98881-39135
* * *
ਗ਼ਜ਼ਲ
ਜੀਤ ਹਰਜੀਤ
ਆਪਣੇ ਚਾਰ-ਚੁਫ਼ੇਰੇ ਵੇਖੋ
ਪਸਰੇ ਕਿੰਝ ਹਨੇਰੇ ਵੇਖੋ
ਚੱਲ ਰਹੇ ਨੇ ਇਹ ਨਾ ਵੇਖੋ
ਚੱਲਦੇ ਨੇ ਕਿੰਝ ਡੇਰੇ ਵੇਖੋ
ਜਿੱਤ ਕੇ ਵੀ ਹਾਂ ਹਾਰੇ ਬਾਜ਼ੀ
ਗ਼ਮ ਨਹੀਂ ਸਾਡੇ ਜੇਰੇ ਵੇਖੋ
ਡੁੱਬ ਕੇ ਵੀ ਮੈਂ ਹਾਂ ਪਿਆਸਾ
ਪਿਆਸ ਮੇਰੀ ਦੇ ਘੇਰੇ ਵੇਖੋ
ਬੋਲ ਕੇ ਵੀ ਦੱਸ ਨਹੀਂ ਹੁੰਦਾ
ਲੁੱਟਦੇ ਕਿੰਝ ਲੁਟੇਰੇ ਵੇਖੋ
ਮੇਰੇ ਜਿਹਾ ਇੱਕ ਨਾ ਲੱਭਣਾ
ਫਿਰਦੇ ਹੋਰ ਬਥੇਰੇ ਵੇਖੋ
ਗੈਰਾਂ ਨਾਲੋਂ ਪਹਿਲਾਂ ਡੋਬਣ
ਅੱਜ ਦੇ ਸਾਕ ਚੰਗੇਰੇ ਵੇਖੋ।
ਸੰਪਰਕ: 97816-77772
* * *
ਹਾਇਕੂੁ
ਸੁਖਵਿੰਦਰ ਸਿੰਘ ਬਾਜਵਾ
ਪਰਦੇਸੀਆ
ਅੰਬਰੀ ਕਿੰਨੇ ਤਾਰੇ
ਗਿਣੇ ਨੇ ਕਦੇ?
ਨਿੱਤ ਉਡਾਵਾਂ
ਬਨੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ।
ਔਸੀਆਂ ਪਾਵਾਂ
ਭੁਰ-ਭੁਰ ਜਾਵਣ
ਕੱਲਰੀ ਕੰਧਾਂ।
ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪਰਦੇਸੀ ਮਾਹੀ।
ਬਸੰਤ ਰੁੱਤੇ
ਪੀਲੇ-ਪੀਲੇ ਰੰਗ ਵੇ
ਕੋਸੀ-ਕੋਸੀ ’ਵਾ।
ਸੰਪਰਕ: 95256-90001