ਦੇਵਿੰਦਰ ਸਿੰਘ ਜੱਗੀ
ਪਾਇਲ, 17 ਅਪਰੈਲ
ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਧਮੋਟ ਕਲਾਂ ਵਿੱਚ ਕਣਕ ਨੂੰ ਅੱਗ ਲੱਗ ਜਾਣ ਕਾਰਨ 12 ਏਕੜ ਖੜ੍ਹੀ ਕਣਕ ਅਤੇ 15 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਸੜ ਕੇ ਮੱਘਰ ਸਿੰਘ ਪੁੱਤਰ ਅਮਰ ਸਿੰਘ ਦੇ 5 ਵਿੱਘੇ, ਅਮਰ ਸਿੰਘ ਪੁੱਤਰ ਕਰਨੈਲ ਦੇ 5 ਏਕੜ, ਗੁਰਮੇਲ ਸਿੰਘ ਪੁੱਤਰ ਮੇਵਾ ਸਿੰਘ ਦੇ 18 ਵਿੱਘੇ, ਮੇਜਰ ਸਿੰਘ ਪੁੱਤਰ ਮੱਘਰ ਸਿੰਘ ਦੇ 5 ਵਿੱਘੇ, ਰਾਏ ਸਿੰਘ ਦੇ 4 ਵਿੱਘੇ ਕਣਕ ਅਤੇ ਹਰਦੇਵ ਸਿੰਘ ਦਾ 20 ਵਿੱਘੇ ਨਾੜ, ਇਕਬਾਲ ਸਿੰਘ ਦਾ 20 ਵਿੱਘੇ ਨਾੜ, ਜਸਪਾਲ ਸਿੰਘ ਦਾ 11 ਵਿੱਘੇ, ਰਘਵੀਰ ਸਿੰਘ 9 ਵਿਘੇ ਅਤੇ ਸ਼ੇਰ ਸਿੰਘ ਦਾ 2 ਕਿਲੇ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਆਲੇ ਦੁਆਲੇ ਦੇ ਪਿੰਡਾਂ ਵਿੱਚ ਅਨਾਊਂਸਮੈਂਟ ਹੋਣ ’ਤੇ ਪਿੰਡਾਂ ਦੇ ਲੋਕ ਆਪੋ-ਆਪਣੇ ਸਾਧਨ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਜੱਦੋ-ਜਹਿਦ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਘਟਨਾ ਸਥਾਨ ’ਤੇ ਫਾਇਰ ਬ੍ਰਿਗੇਡ ਵੀ ਪੁੱਜੀ ਪਰ ਉਦੋਂ ਨੂੰ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ। ਇਸ ਮੌਕੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਮੰਗ ਕਰਦਿਆਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਗਿਰਦਾਵਰੀਆਂ ਕਰਵਾ ਕੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਹਰਮਿੰਦਰ ਸਿੰਘ ਧਮੋਟ, ਬਲਦੇਵ ਸਿੰਘ ਘੁਡਾਣੀ, ਅੰਬਾ ਅਤੇ ਸੋਹਣ ਸਿੰਘ ਵੀ ਹਾਜ਼ਰ ਸਨ।