ਸੁਭਾਸ਼ ਚੰਦਰ
ਸਮਾਣਾ, 19 ਫਰਵਰੀ
ਸਦਰ ਥਾਣਾ ਅਧੀਨ ਪੈਂਦੇ ਪਿੰਡ ਬੰਮਣਾ ਵਿੱਚ ਇਕ ਨਵ-ਵਿਆਹੁਤਾ ਵੱਲੋਂ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮੀ ਕੌਰ (21) ਪੁੱਤਰੀ ਰਾਮ ਨਾਥ ਨਿਵਾਸੀ ਪਿੰਡ ਬਰਸਟ ਦਾ ਵਿਆਹ ਇਕ ਸਾਲ ਪਹਿਲਾਂ ਪਿੰਡ ਬੰਮਣਾ ਦੇ ਗੁਰਸੇਵਕ ਸਿੰਘ ਨਾਲ ਹੋਇਆ ਸੀ। ਮੰਗਲਵਾਰ ਸਵੇਰੇ ਉਸ ਦਾ ਪਤੀ, ਸੱਸ, ਸਹੁਰਾ ਅਤੇ ਦਿਉਰ ਦੇ ਕੰਮ ’ਤੇ ਚੱਲ ਜਾਣ ਤੋਂ ਬਾਅਦ ਸ਼ਮੀ ਘਰ ਵਿੱਚ ਇਕੱਲੀ ਸੀ ਪਰ ਸ਼ਾਮ ਸਮੇਂ ਘਰ ਵਾਪਸ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਬੰਦ ਪਿਆ ਦਰਵਾਜ਼ਾ ਜਦੋਂ ਖੋਲ੍ਹਿਆ ਤਾਂ ਦੇਖਿਆ ਕਿ ਸ਼ਮੀ ਨੇ ਘਰ ਦੇ ਕਮਰੇ ਵਿੱਚ ਲੱਗੇ ਪੱਖੇ ਨਾਲ ਦੁਪੱਟੇ ਦੇ ਨਾਲ ਫਾਹਾ ਲਿਆ ਹੋਇਆ ਸੀ।
ਇਸ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਦੇ ਪਹੁੰਚਣ ਤੋਂ ਬਾਅਦ ਲਾਸ਼ ਨੂੰ ਉਤਰਿਆ ਗਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਚੌਕੀ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਦੇ ਪਿਤਾ ਰਾਮ ਨਾਥ ਨਿਵਾਸੀ ਪਿੰਡ ਬਰਸਟ ਵੱਲੋਂ ਆਪਣੀ ਪੁੱਤਰੀ ਦੀ ਮੌਤ ਸੰਬਧੀ ਕਿਸੇ ਨੂੰ ਜ਼ਿੰਮੇਵਾਰ ਨਾ ਮੰਨਦੇ ਹੋਏ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡਾ. ਰਮਨਦੀਪ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾ ਦਾ ਬਿਸਰਾ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ। ਬਿਸਰੇ ਦੀ ਰਪਿਪੋਰਟ ਆਉਣ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਆਹੁਤਾ ਨੇ ਅਜਿਹਾ ਸਿਖ਼ਰਲਾ ਕਦਮ ਕਿਸ ਕਾਰਨ ਚੁੱਕਿਆ ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ।