ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 13 ਸਤੰਬਰ
ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਅੱਜ ਮਾਤਾ ਸੁਲੱਖਣੀ ਦੇ ਘਰ ਰੂਪੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਹੀ ਸੰਪੂਰਨ ਹੋਇਆ। ਸਥਾਨਕ ਲੋਕਾਂ ਨੇ ਨਗਰ ਕੀਰਤਨ ’ਚ ਸ਼ਾਮਲ ਸੰਗਤ ਲਈ ਭਾਂਤ-ਭਾਂਤ ਦੇ ਲੰਗਰ ਲਗਾਏ ਸਨ।
ਵੱਖ ਵੱਖ ਗਤਕਾ ਅਤੇ ਬੈਂਡ ਪਾਰਟੀਆਂ ਨੇ ਹੈਰਤਅੰਗੇਜ਼ ਕਰਤੱਬ ਦਿਖਾਏ। ਅੱਜ ਵੱਡੀ ਗਿਣਤੀ ਸੰਗਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆ ਵਿਖੇ ਜਾ ਕੇ ਨਤਸਮਤਕ ਹੋਈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਖ਼ਾਲਸਈ ਜਾਹੋ ਜਲਾਲ ਨਾਲ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਗਿਆ। ਬੀਤੇ ਦੋ ਦਿਨ ਤੋਂ ਰੱਖੇ ਗਏ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ। ਇਸ ਮਗਰੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਆਰੰਭ ਹੋਏ, ਜਿੱਥੇ ਬੁਲਾਰਿਆਂ ਨੇ ਪਹਿਲੀ ਪਾਤਸ਼ਾਹੀ ਦੇ ਦਿੱਤੇ ਸਿਧਾਂਤ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪਣ’ ਉੱਤੇ ਹਕੀਕੀ ਰੂਪ ਵਿੱਚ ਪਹਿਰਾ ਦੇਣ ’ਤੇ ਜ਼ੋਰ ਦਿੱਤਾ।
ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਛੁਟਕਾਰਾ ਦਿਵਾਉਣ ਖਾਤਰ ਚਾਰ ਉਦਾਸੀਆਂ ਕੀਤੀਆਂ, ਪਰ ਦੁੱਖ ਹੈ ਕਿ ਅੱਜ ਉਨ੍ਹਾਂ ਦੇ ਜ਼ਿਆਦਾਤਰ ਪੈਰੋਕਾਰ ਫਿਰ ਤੋਂ ਵਹਿਮਾਂ-ਭਰਮਾਂ, ਦੇਹਧਾਰੀ ਤੇ ਪਾਖੰਡੀ ਸਾਧਾਂ ਦੇ ਲੜ ਲੱਗ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਚੱਲਿਆ ਬਾਰਾਤ ਰੂਪੀ ਨਗਰ ਕੀਰਤਨ ਬੀਤੀ ਦੇਰ ਰਾਤ ਇੱਥੇ ਪਹੁੰਚਿਆ। ਇਸ ਮੌਕੇ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਨੇ ਆਈਆਂ ਪੰਥਕ ਤੇ ਰਾਜਸੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਆ। ਇਸ ਮੌਕੇ ਗਿਆਨੀ ਅਮਰਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ, ਜਥੇਦਾਰ ਭਗਵੰਤ ਸਿੰਘ ਸਿਆਲਕਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੇਵਾਦਾਰ ਰਾਜਨਬੀਰ ਸਿੰਘ ਘੁਮਾਣ, ਜਥੇਦਾਰ ਗੁਰਨਾਮ ਸਿੰਘ ਜੱਸਲ, ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਜਥੇਦਾਰ ਰਤਨ ਸਿੰਘ ਜਫਰਵਾਲ, ਜਸਬੀਰ ਕੌਰ ਜਫਰਵਾਲ, ਬੀਬੀ ਜੋਗਿੰਦਰ ਕੌਰ, ਰਮਨਦੀਪ ਸਿੰਘ ਸੰਧੂ, ‘ਆਪ’ ਆਗੂ ਸ਼ੈਰੀ ਕਲਸੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਬਟਾਲਾ ਨੂੰ ਜ਼ਿਲ੍ਹਾ ਨਾ ਐਲਾਨਣ ’ਤੇ ਨਿਰਾਸ਼ਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਬਟਾਲਾ ਨੂੰ ਸੰਪੂਰਨ ਜ਼ਿਲ੍ਹਾ ਬਣਾਉਣ ਦੀ ਵੱਖ ਵੱਖ ਜਥੇਬੰਦੀਆਂ ਅਤੇ ਰਾਜਸੀ ਧਿਰਾਂ ਨੇ ਜੋ ਆਸ ਲਗਾਈ ਸੀ, ਹੁਣ ਨਿਰਾਸ਼ਾ ’ਚ ਬਦਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਉਸ ਨੂੰ ਵਿਧਾਇਕ ਬਟਾਲਾ ਦੀ ਜਨਤਾ ਨੇ ਬਣਾਇਆ ਹੈ, ਇਸ ਲਈ ਆਮ ਲੋਕਾਂ ਵਾਂਗ ਉਸ ਨੂੰ ਵੀ ਪੂਰੀ ਆਸ ਸੀ ਕਿ ਅੱਜ ਮੁੱਖ ਮੰਤਰੀ ‘ਸ਼ਗਨ’ ਵਜੋਂ ਬਟਾਲਾ ਨੂੰ ਜ਼ਿਲ੍ਹਾ ਐਲਾਨਣਗੇ ਪਰ ਹੱਥ ਨਿਰਾਸ਼ਾ ਹੀ ਲੱਗੀ। ਉਨ੍ਹਾਂ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਰਹੇ ਹਨ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਆਖਿਆ ਕਿ ਕਾਂਗਰਸ ਦੇ ਮੰਤਰੀਆਂ ਅਤੇ ਰਾਜ ਸਭਾ ਮੈਂਬਰ ਵੱਲੋਂ ਜਿਸ ਤਰ੍ਹਾਂ ਆਵਾਜ਼ ਬੁਲੰਦ ਕੀਤੀ ਗਈ, ਕੈਪਟਨ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸੀ ਪਰ ਅਫਸੋਸ ਅਜਿਹਾ ਨਹੀਂ ਹੋਇਆ। ਇਸੇ ਤਰ੍ਹਾਂ ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ, ਸਿਟੀਜ਼ਨ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਪ੍ਰੋ. ਸੁਖਵੰਤ ਸਿੰਘ ਗਿੱਲ, ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਸੇਵਾਦਾਰ ਰਾਜਨਬੀਰ ਸਿੰਘ ਘੁਮਾਣ ਨੇ ਆਖਿਆ ਕਿ ਅੱਜ ਦੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਲ੍ਹੇ ਦਾ ਸੰਪੂਰਨ ਦਰਜਾ ਦੇ ਕੇ ਲੋਕਾਂ ਦਾ ਦਿਲ ਜਿੱਤਣ ਦਾ ਅਹਿਮ ਮੌਕਾ ਗੁਆ ਲਿਆ।