ਸ੍ਰੀ ਮੁਕਤਸਰ ਸਾਹਿਬ: ਮ੍ਰਿਤਕ ਫੌਜੀ ਪਿਤਾ ਨੂੰ ਜ਼ਿੰਦਾ ਦਿਖਾ ਕੇ ਕਰੀਬ 10 ਸਾਲ ਬੈਂਕ ਵਿੱਚੋਂ ਪੈਨਸ਼ਨ ਕਢਵਾਉਣ ਵਾਲੇ ਪੁੱਤਰ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕੀਤੀ ਹੈ। ਮੁਕਤਸਰ ਦੀ ਥਾਣਾ ਸਿਟੀ ਪੁਲੀਸ ਨੇ 20 ਲੱਖ 29 ਹਜ਼ਾਰ 642 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਫੌਜੀ ਮਨਜੀਤ ਸਿੰਘ ਸਾਲ 1975 ਵਿੱਚ ਸੇਵਾਮੁਕਤ ਹੋ ਕੇ ਪੰਜਾਬ ਨੈਸ਼ਨਲ ਬੈਂਕ ਮੁਕਤਸਰ ਵਿੱਚੋਂ ਆਪਣੀ ਪੈਨਸ਼ਨ ਲੈਂਦਾ ਸੀ। ਸਾਲ 2009 ਵਿੱਚ ਉਸਦੀ ਮੌਤ ਹੋ ਗਈ ਤਾਂ ਉਸ ਦੇ ਪੁੱਤਰ ਅਮਰਜੀਤ ਸਿੰਘ ਨੇ ਉਸ ਨੂੰ ਕਾਗਜ਼ਾਂ ਵਿੱਚ ਜ਼ਿੰਦਾ ਵਿਖਾ ਕੇ ਜਾਅਲੀ ਦਸਤਖ਼ਤ ਕਰ ਕੇ ਵਾਊਚਰ ਭਰ ਕੇ ਬੈਂਕ ਵਿੱਚੋਂ ਸਾਲ 2019 ਤੱਕ ਪੈਨਸ਼ਨ ਕਢਵਾਉਂਦਾ ਰਿਹਾ। ਹਾਲਾਂਕਿ ਨਿਯਮਾਂ ਅਨੁਸਾਰ ਪੈਨਸ਼ਨਰ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਪੈਨਸ਼ਨ ਦੀ ਹੱਕਦਾਰ ਹੁੰਦੀ ਹੈ। ਜਦੋਂ ਬੈਂਕ ਨੂੰ ਉਸ ’ਤੇ ਸ਼ੱਕ ਹੋਇਆ ਤੇ ਉਨ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਅਮਰਜੀਤ ਸਿੰਘ ਨੇ 20 ਲੱਖ 29 ਹਜ਼ਾਰ 642 ਰੁਪਏ ਦਾ ਘਪਲਾ ਕੀਤਾ ਹੈ। ਇਸ ’ਤੇ ਸੀਨੀਅਰ ਅਕਾਊਂਟ ਅਫਸਰ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਦੀ ਪੁਲੀਸ ਨੇ ਅਮਰਜੀਤ ਸਿੰਘ ਖ਼ਿਲਾਫ਼ ਜਾਅਲੀ ਪ੍ਰਮਾਣ ਪੱਤਰ ਤਿਆਰ ਕਰ ਕੇ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ