ਜੇ.ਐਸ.ਬਰਾੜ, ਗਗਨਦੀਪ ਕੌਰ ਤੇ ਕ੍ਰਿਸ਼ਨ ਕੁਮਾਰ
ਅਪਰੈਲ-ਮਈ ਮਹੀਨੇ ਵਧਦੀ ਗਰਮੀ ਕਾਰਨ ਬਾਗ਼਼ਾਂ ਵਿਚ ਪਾਣੀ ਦੀ ਜ਼ਰੂਰਤ ਵਧ ਜਾਂਦੀ ਹੈ। ਲੋੜੋਂ ਵੱਧ ਪਾਣੀ ਲਾਉਣ ਨਾਲ ਨਦੀਨਾਂ ਦੀ ਵੀ ਭਰਮਾਰ ਹੋ ਜਾਂਦੀ ਹੈ। ਜ਼ਮੀਨ ਵਿੱਚ ਲਗਾਤਾਰ ਸਿੱਲ ਰਹਿਣ ਕਾਰਨ ਬਾਗ਼ਾਂ ਵਿਚ ਨਦੀਨਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਹ ਨਦੀਨ ਬਾਗ਼ਾਂ ਵਿੱਚ ਖਾਦ ਖੁਰਾਕ ਅਤੇਪਾਣੀ ਦਾ ਬਹੁਤ ਵੱਡਾ ਹਿੱਸਾ ਖਪਤ ਕਰ ਜਾਂਦੇ ਹਨ ਅਤੇ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ। ਆਮ ਤੌਰ ’ਤੇ ਬਾਗ਼ਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਬਾਗ਼ਾਂ ਦੀ ਵਹਾਈ ਜਾਂ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਬਾਗ਼ਾਂ ਦੀ ਸਾਂਭ-ਸੰਭਾਲ ਕਰਨ ਦੀ ਲਾਗਤ ਵਧ ਜਾਂਦੀ ਹੈ ਅਤੇ ਕਈ ਵਾਰ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਬਾਗ਼ਾਂ ਵਿਚ ਨਦੀਨਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਕੁਛ ਉਪਰਾਲੇ ਕੀਤੇ ਜਾ ਸਕਦੇ ਜੋ ਕਿ ਨਦੀਨਾਂ ਦੀ ਸੁਖਾਲੀ ਅਤੇ ਕਿਫ਼ਾਇਤੀ ਢੰਗ ਨਾਲ ਰੋਕਥਾਮ ਕਰਨ ਵਿੱਚ ਸਹਾਈ ਹੁੰਦੇ ਹਨ। ਬਾਗ਼ਾਂ ਵਿਚ ਉੱਗਣ ਵਾਲੇ ਨਦੀਨਾਂ ਉੱਪਰ ਕਾਬੂ ਪਾਉਣ ਲਈ ਹਲਕੀ ਵਹਾਈ, ਗੋਡੀ, ਨਦੀਨਾਂ ਦੀ ਲਗਾਤਾਰ ਕਟਾਈ ਜਾਂ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਧੀਆਂ ਨਾਲ ਨਾ ਸਿਰਫ਼ ਬੂਟਿਆਂ ਨੂੰ ਨਦੀਨਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਸਗੋਂ ਫ਼ਸਲਾਂ ਦੀ ਰਹਿੰਦ-ਖੂੰਹਦ ਜਾਂ ਜੈਵਿਕ ਮਾਦਾ ਬਾਗ਼ਾਂ ਵਿਚਲੀ ਜ਼ਮੀਨ ਵਿੱਚ ਨਮੀ ਅਤੇ ਤਾਪਮਾਨ ਬਰਕਰਾਰ ਰੱਖਣ ਵਿਚ ਸਹਾਈ ਹੁੰਦੀ ਹੈ। ਮਲਚ ਦੇ ਗਲਣ-ਸੜਨ ਨਾਲ ਜ਼ਮੀਨ ਦੀ ਖ਼ੁਰਾਕੀ ਸਮਰੱਥਾ ਵਧ ਜਾਂਦੀ ਹੈ, ਫ਼ਲਾਂ ਦੇ ਆਕਾਰ, ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ਅਤੇ ਝੋਨੇ ਦੀ ਪਰਾਲੀ ਦੀ ਸੁਚਜੀ ਵਰਤੋਂ ਵਿਚ ਵੀ ਮਦਦ ਮਿਲਦੀ ਹੈ।
ਆਮ ਤੌਰ ’ਤੇ ਬੇਰ ਅਤੇ ਅਮਰੂਦ ਨੂੰ ਛੱਡ ਕੇ ਬਾਕੀ ਫ਼ਲਦਾਰ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਸਿਫ਼ਾਰਸ਼ ਮਾਤਰਾ ਦਾ ਦੂਜਾ ਅੱਧਾ ਹਿੱਸਾ ਮਾਰਚ-ਅਪਰੈਲ ਮਹੀਨੇ ਪਾਇਆ ਜਾਂਦਾ ਹੈ ਸੋ ਖਾਦ ਪਾਉਣ ਸਮੇਂ ਜ਼ਮੀਨ ਵੱਤਰ ਹੋਵੇ ਅਤੇ ਬੂਟਿਆਂ ਹੇਠੋਂ ਗੋਡੀ ਕਰ ਕੇ ਦੌਰ ਨੂੰ ਨਦੀਨਮੁਕਤ ਕਰ ਲਵੋ। ਗੋਡੀ ਕਰਦੇ ਸਮੇਂ ਧਿਆਨ ਰੱਖੋ ਕਿ ਬੂਟਿਆਂ ਦੇ ਤਣਿਆਂ ਦੁਆਲਿਓਂ ਜ਼ਮੀਨ, ਬਾਕੀ ਖੇਤ ਨਾਲੋਂ ਨੀਵੀਂ ਨਾ ਹੋ ਜਾਵੇ ਤਾਂ ਜੋ ਪਾਣੀ ਖੜ੍ਹੇ ਹੋਣ ਦਾ ਜ਼ਰੀਆ ਨਾ ਬਣੇ।
ਬਾਗ਼ਾਂ ਵਿਚ ਸਾਫ਼ ਸਫ਼ਾਈ ਰੱਖਣ ਲਈ ਰੋਟਾਵੇਟਰ ਨਾਲ ਹਲਕੀ ਵਹਾਈ ਕੀਤੀ ਜਾ ਸਕਦੀ ਹੈ ਪਰ ਧਿਆਨ ਰੱਖੋ ਕਿ ਬਹੁਤ ਸਾਰੇ ਫ਼ਲਦਾਰ ਬੂਟਿਆਂ ਨੂੰ ਇਸ ਸਮੇਂ ਫ਼ਲ ਪੈਂਦਾ ਹੈ ਅਤੇ ਵਹਾਈ ਕਰਦੇ ਸਮੇਂ ਫ਼ਲਦਾਰ ਬੂਟਿਆਂ ਦੀ ਜ਼ਿਆਦਾ ਹਿਲਜੁਲ ਨਾ ਹੋਵੇ ਤਾਂ ਜੋ ਨਵਾਂ ਲੱਗਿਆ ਫ਼ਲ ਨਾ ਡਿੱਗੇ । ਬਾਗ਼ ਵਿੱਚ ਕਦੇ ਵੀ ਬਹੁਤ ਡੂੰਘੀ ਵਹਾਈ ਨਾ ਕਰੋ ਕਿਉਂਕਿ ਇਸ ਨਾਲ ਫ਼ਲਦਾਰ ਬੂਟਿਆਂ ਦੀਆਂ ਜੜਾਂ ਵੱਢੀਆਂ ਜਾਂਦੀਆਂ ਹਨ ਅਤੇ ਬੂਟਿਆਂ ਨੂੰ ਬਿਮਾਰੀ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਖੁਸ਼ਕ ਅਤੇ ਜ਼ਿਆਦਾ ਗਿੱਲੀ ਜ਼ਮੀਨ ਵੇਲੇ ਬਾਗ਼ ਨੂੰ ਨਾ ਵਾਹੋ। ਸੰਘਣੇ ਅਤੇ ਫ਼ਲਾਂ ਨਾਲ ਲੱਦੇ ਬਾਗ਼ਾਂ ਵਿਚ ਵਹਾਈ ਕਰਨ ਤੋਂ ਗੁਰੇਜ਼ ਕਰੋ। ਬਾਗ਼ਾਂ ਨੂੰ ਲੋੜ ਤੋਂ ਜ਼ਿਆਦਾ ਨਾ ਵਾਹੋ ਅਤੇ ਗਰਮੀ ਰੁੱਤ ਵਿਚ ਨਿੰਬੂ ਜਾਤੀ ਦੇ ਬਾਗ਼ਾਂ ਨੂੰ ਵਹੁਣ ਤੋਂ ਪਰਹੇਜ਼ ਕਰੋ ਪਰ ਅਮਰੂਦ ਦੇ ਬਾਗ਼ਾਂ ਨੂੰ ਮਈ-ਜੂਨ ਮਹੀਨੇ ਵਾਹ ਦਿਉ।
ਇਸ ਤੋਂ ਇਲਾਵਾ ਬਾਗ਼ਾਂ ਵਿਚ ਟਰੈਕਟਰ ਨਾਲ ਚੱਲਣ ਵਾਲੀ ਘਾਹ ਕੱਟਣ ਵਾਲੀ ਮਸ਼ੀਨ ਨਾਲ ਲਗਾਤਾਰ ਕਟਾਈਆਂ ਕਰ ਕੇ ਵੀ ਨਦੀਨਾਂ ਨੂੰ ਕਾਬੂ ਹੇਠ ਰੱਖਿਆ ਜਾ ਸਕਦਾ ਹੈ। ਜਦੋਂ ਨਦੀਨਾਂ ਦੀ ਉਚਾਈ ਤਕਰੀਬਨ 9 ਕੁ ਇੰਚ ਦੀ ਹੋ ਜਾਵੇ ਤਾਂ ਇਨ੍ਹਾਂ ਦੀ ਕਟਾਈ ਕੀਤੀ ਜਾ ਸਕਦੀ ਹੈ ਜਿਸ ਨਾਲ ਹੌਲੀ-ਹੌਲੀ ਚੌੜੇ ਪੱਤਿਆਂ ਵਾਲੇ ਨਦੀਨਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ ਅਤੇ ਘਾਹ ਵਰਗੇ ਨਦੀਨ ਵੀ ਕਾਬੂ ਹੇਠ ਰਹਿਣਗੇ। ਕੱਟਿਆ ਹੋਇਆ ਘਾਹ ਵੀ ਮਲਚਿੰਗ ਦੀ ਤਰ੍ਹਾਂ ਕੰਮ ਕਰੇਗਾ।
ਬਾਗ਼ਾਂ ਵਿਚ ਪਾਣੀ ਲਾਉਣ ਤੋਂ ਬਾਅਦ ਵੱਡੇ ਨਦੀਨ ਜਿਵੇਂਕਿ ਕਾਂਗਰਸ ਘਾਹ, ਭੰਗ ਆਦਿ ਨੂੰ ਹੱਥੀਂ ਪੱਟਦੇ ਰਹੋ ਅਤੇ ਕੋਸ਼ਿਸ਼ ਕਰੋ ਕਿ ਇਨ੍ਹਾਂ ਦੇ ਬੀਜ ਬਾਗ਼ ਵਿੱਚ ਨਾ ਖਿਲਰਣ। ਇਸੇ ਤਰਾਂ ਬਾਗ਼ਾਂ ਵਿਚ ਝੋਨੇ ਦੀ ਪਰਾਲੀ ਵਿਛਾਅ ਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਪਰਾਲੀ ਦੀ ਮਲਚਿੰਗ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਤੁਰੰਤ ਬਾਅਦ ਕਰੋ। ਝੋਨੇ ਦੀ ਪਰਾਲੀ ਦੀ ਫ਼ਲਦਾਰ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਅਤੇ ਇੱਕਸਾਰ ਤਹਿ ਵਿਛਾਉ। ਬੂਟਿਆਂ ਦੀ ਪੂਰੀ ਛਤਰੀ ਹੇਠਲੇ ਰਕਬੇ ਸਮੇਤ ਬਾਗ਼ ਦੇ ਕੁਲ ਰਕਬੇ ਦੇ ਤਕਰੀਬਨ ਦੋ-ਤਿਹਾਈ ਰਕਬੇ ਉਪਰ ਮਲਚਿੰਗ ਕਰੋ। ਆੜੂ ਅਤੇ ਅਲੂਚੇ ਦੇ ਬਾਗ਼ਾਂ ਵਿਚ 4.5 ਟਨ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਰਚ-ਅਪਰੈਲ ਮਹੀਨੇ ਮਲਚਿੰਗ ਕੀਤੀ ਜਾ ਸਕਦੀ ਹੈ, ਨਾਖ ਦੇ ਬਾਗ਼ਾਂ ਵਿਚ ਅਪਰੈਲ-ਮਈ ਮਹੀਨੇ 5.5 ਟਨ ਪ੍ਰਤੀ ਏਕੜ, ਅਮਰੂਦ ਦੇ ਬਾਗ਼ਾਂ ਵਿਚ ਮਈ-ਜੂਨ ਮਹੀਨੇ 4.0 ਟਨ ਪ੍ਰਤੀ ਏਕੜ, ਬੇਰਾਂ ਦੇ ਬਾਗ਼ਾਂ ਵਿਚ ਅਕਤੂਬਰ-ਨਵੰਬਰ ਮਹੀਨੇ 5.0 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਨਾਲ ਨਾ ਸਿਰਫ਼ ਨਦੀਨਾਂ ਦੀ ਰੋਕਥਾਮ ਹੁੁੰਦੀ ਹੈ ਸਗੋਂ ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ, ਫ਼ਲਾਂ ਦਾ ਕੇਰਾ ਘਟਦਾ ਹੈ, ਫ਼ਲਾਂ ਦਾ ਝਾੜ ਅਤੇ ਗੁਣਵਤਾ ਵਿਚ ਵੀ ਵਾਧਾ ਹੁੰਦਾ ਹੈ।
ਬਾਗ਼ਾਂ ਦੇ ਆਲੇ-ਦੁਆਲੇ, ਵਾੜ ਵਾਲੇ ਖੇਤਰ ਅਤੇ ਪਾਣੀ ਕੇ ਖਾਲਾਂ ਦੇ ਕਿਨਾਰਿਆਂ ਦੇ ਉੱਗੇ ਨਦੀਨਾਂ ਨੂੰ ਵੀ ਲਗਾਤਾਰ ਕਾਬੂ ਹੇਠ ਰਖੋ ਤਾਂ ਕਿ ਇਨ੍ਹਾਂ ਦਾ ਬੀਜ ਬਣ ਕੇ ਬਾਗ਼ਾਂ ਵਿਚ ਨਾ ਫ਼ੈਲੇ। ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰਨ ਤੋਂ ਬਾਅਦ ਕਟੀ ਹੋਈਆਂ ਟਹਿਣੀਆਂ ਨੂੰ ਬਾਗ਼ ਵਿਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਸ ਵਿਚ ਬਿਮਾਰੀ ਜਾਂ ਕੀੜੇ-ਮਕੌੜਿਆਂ ਦੇ ਸਰੋਤ ਹੋ ਸਕਦੇ ਹਨ। ਕਟਾਈ ਕਰਨ ਤੋਂ ਤੁਰੰਦ ਬਾਅਦ ਇਸ ਨੂੰ ਬਾਲਣ ਦੇ ਤੌਰ ’ਤੇ ਜਾਂ ਖਾਦ ਬਣਉਣ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਬਾਗ਼ਾਂ ਵਿਚ ਬਿਮਾਰੀ ਜਾਂ ਕੀੜੇ ਫ਼ੈਲਣ ਦਾ ਖ਼ਤਰਾ ਘਟ ਜਾਂਦਾ ਹੈ।
ਬਾਗ਼ਾਂ ਵਿਚ ਬਿਮਾਰੀ ਜਾਂ ਕੀੜਿਆਂ ਦੇ ਹਮਲੇ ਕਾਰਨ ਫ਼ਲਾਂ ਦਾ ਕੇਰਾ ਹੁੰਦਾ ਰਹਿੰਦਾ ਹੈ ਇਸ ਲਈ ਡਿੱਗੇ ਹੋਏ ਫ਼ਲਾਂ ਨੂੰ ਇਕੱਠਾ ਕਰ ਕੇ ਲਗਾਤਾਰ ਦਬਾਉਂਦੇ ਰਹੋ। ਅਜਿਹਾ ਕਰਨ ਨਾਲ ਬੂਟਿਆਂ ਨੂੰ ਬਿਮਾਰੀਆਂ ਅਤੇ ਕੀੜਿਆਂ ਨੂੰ ਕਾਬੂ ਹੇਠ ਰਖਣ ਵਿਚ ਮਦਦ ਮਿਲਦੀ ਹੈ। ਫ਼ਲਾਂ ਦੀ ਤੁੜਾਈ ਤੋਂ ਬਾਅਦ ਨਕਾਰੇ ਹੋਏ ਫ਼ਲਾਂ ਨੂੰ ਵੀ ਡੂੰਗਾ ਦਬਾ ਦੇਣਾ ਚਹੀਦਾ ਹੈ। ਛੋਟੇ ਬਾਗ਼ਾਂ ਵਿੱਚ ਬੂਟਿਆਂ ਦੇ ਵਿਚਕਾਰਲੀ ਜਗ੍ਹਾ ਉਪਰ ਅੰਤਰ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ ਆਦਿ ਦੀ ਕਾਸ਼ਤ ਕਰ ਕੇ ਵੀ ਨਦੀਨਾਂ ਨੂੰ ਕਾਬੂ ਹੇਠ ਰੱਖਿਆ ਜਾ ਸਕਦਾ ਹੈ, ਪਰ ਫ਼ਲਦਾਰ ਬੂਟਿਆਂ ਅਤੇ ਅੰਤਰ ਫ਼ਸਲ ਲਈ ਪਾਣੀ ਪ੍ਰਬੰਧ ਵੱਖਰਾ ਰੱਖੋ।