ਮੁੰਬਈ: ਟੀ-ਸੀਰੀਜ਼ ਅਤੇ ਰਿਲਾਇੰਸ ਐਂਟਰਟੇਨਮੈਂਟ ਨੇ ਵੱਖ-ਵੱਖ ਵਿਸ਼ਿਆਂ ’ਤੇ 10 ਤੋਂ ਜ਼ਿਆਦਾ ਫਿਲਮਾਂ ਬਣਾਉਣ ਲਈ ਸਮਝੌਤਾ ਕੀਤਾ ਹੈ। ਦੋਹਾਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਤਹਿਤ ਕਰੀਬ 1,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਰਾਹੀਂ ਵੱਡੇ ਬਜਟ ਦੇ ਨਾਲ ਨਾਲ ਘੱਟ ਬਜਟ ਵਾਲੀਆਂ ਫਿਲਮਾਂ ਵੀ ਬਣਾਈਆਂ ਜਾਣਗੀਆਂ। ਇਸ ਸਮਝੌਤੇ ਤਹਿਤ ਬਣਾਈਆਂ ਜਾਣ ਵਾਲੀਆਂ ਫਿਲਮਾਂ ਵਿੱਚ ਤਾਮਿਲ ਬਲਾਕਬਸਟਰ ਫਿਲਮਾਂ ਦਾ ਹਿੰਦੀ ਰੀਮੇਕ, ਜੀਵਨੀ ’ਤੇ ਆਧਾਰਿਤ, ਜਾਸੂਸੀ ਥ੍ਰਿੱਲਰ, ਕੋਰਟ ਰੂਮ ਡਰਾਮਾ ਦੇ ਨਾਲ ਹੀ ਕਾਮੇਡੀ, ਰੋਮਾਂਸ ਡਰਾਮਾ ਤੇ ਸੱਚੀ ਘਟਨਾਵਾਂ ’ਤੇ ਆਧਾਰਤ ਫਿਲਮਾਂ ਸ਼ਾਮਲ ਹਨ। ਫਿਲਮਸਾਜ਼ ਪੁਸ਼ਕਰ ਤੇ ਗਾਇਤਰੀ, ਵਿਕਰਮਜੀਤ ਸਿੰਘ, ਮੰਗੇਸ਼ ਹਦਵਾਲੇ, ਸ੍ਰੀਜੀਤ ਮੁਖਰਜੀ ਅਤੇ ਸੰਕਲਪ ਰੈੱਡੀ ਨਾਲ ਇਹ ਫਿਲਮਾਂ ਅਗਲੇ 24 ਤੋਂ 36 ਮਹੀਨਿਆਂ ਵਿੱਚ ਬਣਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਰਿਲਾਇੰਸ ਐਂਟਰਟੇਨਮੈਂਟ 100 ਤੋਂ ਜ਼ਿਆਦਾ ਫਿਲਮਾਂ ਦੇ ਸੰਗੀਤ ਲਈ ਇਕੱਠੇ ਕੰਮ ਕਰ ਚੁੱਕੇ ਹਨ। ਟੀ-ਸੀਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੁਮਾਰ ਅਨੁਸਾਰ ਦੋਹਾਂ ਕੰਪਨੀਆਂ ਵਿਚਾਲੇ ਸਮਝੌਤਾ ਬਿਲਕੁਲ ਸਹੀ ਸਮੇਂ ’ਤੇ ਹੋਇਆ ਹੈ। -ਪੀਟੀਆਈ