ਕੀਵ, 13 ਸਤੰਬਰ
ਯੂਕਰੇਨ ਨੇ ਅੱਜ ਕਿਹਾ ਕਿ ਉਸ ਦਾ ਮੰਤਵ ਮੁਲਕ ਦੇ ਉੱਤਰ-ਪੂਰਬ ’ਚ ਲਗਾਤਾਰ ਹੱਲਾ ਬੋਲ ਕੇ ਆਪਣੇ ਸਾਰੇ ਇਲਾਕੇ ਨੂੰ ਰੂਸੀ ਸੈਨਾ ਤੋਂ ਮੁਕਤ ਕਰਾਉਣਾ ਹੈ। ਪਰ ਯੂਕਰੇਨ ਨੇ ਨਾਲ ਹੀ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਹਥਿਆਰ ਤੇਜ਼ੀ ਨਾਲ ਮੁਹੱਈਆ ਕਰਵਾਏ ਜਾਣ ਤਾਂ ਕਿ ਸੈਨਾ ਦਾ ਅੱਗੇ ਵਧਣਾ ਜਾਰੀ ਰਹੇ। ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਸ਼ਨਿਚਰਵਾਰ ਤੋਂ ਯੂਕਰੇਨੀ ਇਲਾਕਾ ਛੱਡ ਕੇ ਪਿੱਛੇ ਹੱਟ ਰਹੀ ਹੈ। ਆਪਣੇ ਕਈ ਪਿੰਡਾਂ ਤੇ ਕਸਬਿਆਂ ਉਤੇ ਯੂਕਰੇਨ ਮੁੜ ਕਾਬਜ਼ ਹੋ ਗਿਆ ਹੈ। ਉੱਤਰ-ਪੂਰਬੀ ਖਾਰਕੀਵ ਖੇਤਰ ’ਚ ਲੜਾਈ ਹਾਲੇ ਵੀ ਜਾਰੀ ਹੈ। ਫ਼ੌਜੀ ਅਧਿਕਾਰੀਆਂ ਮੁਤਾਬਕ ਯੂਕਰੇਨੀ ਸੈਨਿਕ ਹੌਸਲੇ ਵਿਚ ਹਨ ਤੇ ਅੱਗੇ ਵੱਧ ਰਹੇ ਹਨ। ਯੂਕਰੇਨ ਨੇ ਕਿਹਾ ਕਿ ਉਹ ਖਾਰਕੀਵ ਤੇ ਹੋਰਨਾਂ ਖਿੱਤਿਆਂ ਨੂੰ ਪੂਰੀ ਤਰ੍ਹਾਂ ਰੂਸ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਖਾਰਕੀਵ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸੋਮਵਾਰ ਇਕ ਵੀਡੀਓ ਸੁਨੇਹੇ ਵਿਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪੱਛਮੀ ਮੁਲਕਾਂ ਨੂੰ ਹਥਿਆਰ ਤੇਜ਼ੀ ਨਾਲ ਮੁਹੱਈਆ ਕਰਾਉਣੇ ਚਾਹੀਦੇ ਹਨ। ਦੱਸਣਯੋਗ ਹੈ ਕਿ 24 ਫਰਵਰੀ ਨੂੰ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਅਮਰੀਕਾ ਤੇ ਯੂਰਪੀ ਮੁਲਕ ਯੂਕਰੇਨ ਦੀ ਹਥਿਆਰਾਂ ਨਾਲ ਲਗਾਤਾਰ ਮਦਦ ਕਰ ਰਹੇ ਹਨ। ਇਨ੍ਹਾਂ ਹਥਿਆਰਾਂ ਨਾਲ ਹੀ ਯੂਕਰੇਨ ਨੇ ਰੂਸ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਹਾਲਾਂਕਿ ਇਸੇ ਦੌਰਾਨ ਜਰਮਨੀ ਵੱਲੋਂ ਕੁਝ ਵਿਸ਼ੇਸ਼ ਹਥਿਆਰਾਂ ਦੀ ਮੰਗ ਨਜ਼ਰਅੰਦਾਜ਼ ਕੀਤੇ ਜਾਣ ’ਤੇ ਯੂਕਰੇਨ ਨੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਹੈ। ਯੂਕਰੇਨ ਦੀ ਫ਼ੌਜ ਨੇ ਅੱਜ ਦੱਸਿਆ ਕਿ ਰੂਸੀ ਬਲ ਖਾਰਕੀਵ ਦੇ ਉਨ੍ਹਾਂ ਇਲਾਕਿਆਂ ’ਤੇ ਬੰਬਾਰੀ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ (ਯੂਕਰੇਨ ਨੇ) ਮੁੜ ਕਬਜ਼ੇ ਹੇਠ ਲਿਆ ਹੈ। ਇਸ ਤੋਂ ਇਲਾਵਾ ਦੋਨੇਸਕ ਖਿੱਤੇ ਵਿਚ ਵੀ ਰੂਸ ਦੇ ਹਮਲੇ ਜਾਰੀ ਹਨ। -ਰਾਇਟਰਜ਼/ਏਪੀ
ਛੇ ਹਜ਼ਾਰ ਸਕੁਏਅਰ ਕਿਲੋਮੀਟਰ ਇਲਾਕਾ ਆਜ਼ਾਦ ਕਰਾਇਆ: ਜ਼ੇਲੈਂਸਕੀ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਰੂਸ ਦੇ ਕਬਜ਼ੇ ’ਚੋਂ ਛੇ ਹਜ਼ਾਰ ਸਕੁਏਅਰ ਕਿਲੋਮੀਟਰ ਇਲਾਕਾ ਆਜ਼ਾਦ ਕਰਾ ਲਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ ਦੇ ਸ਼ੁਰੂ ਤੋਂ ਪੂਰਬ ਤੇ ਦੱਖਣ ਵਿਚ ਸੈਨਾਵਾਂ ਅੱਗੇ ਵੱਧ ਰਹੀਆਂ ਹਨ। ਰਾਸ਼ਟਰਪਤੀ ਨੇ ‘ਐਂਟੀ-ਏਅਰਕਰਾਫਟ’ ਰੱਖਿਆ ਬਲਾਂ ਦੇ ਯੋਗਦਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਸਫ਼ਲਤਾ ਹਾਸਲ ਕੀਤੀ ਹੈ ਪਰ ਹਾਲੇ ਕੁਝ ਵੀ ਹੋਰ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। -ਰਾਇਟਰਜ਼