ਆਤਿਸ਼ ਗੁਪਤਾ
ਚੰਡੀਗੜ੍ਹ, 21 ਮਾਰਚ
ਪੰਜਾਬ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਕੀਤੀ। ਮੁੱਖ ਬੁਲਾਰੇ ਵਜੋਂ ਪੱਤਰਕਾਰ ਮਨਦੀਪ ਪੂਨੀਆ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਸ਼ਮੂਲੀਅਤ ਕੀਤੀ।
ਗਣਤੰਤਰ ਦਿਵਸ ਦੀ ਘਟਨਾ ਮਗਰੋਂ ਦਿੱਲੀ ਪੁਲੀਸ ਦਾ ਜਬਰ ਝੱਲ ਕੇ ਤਿਹਾੜ ਜੇਲ੍ਹ ਵਿੱਚੋਂ ਪੱਤਰਕਾਰੀ ਕਰਨ ਵਾਲੇ ਮਨਦੀਪ ਪੂਨੀਆ ਨੇ ਕਿਸਾਨ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੀ ਘਟਨਾ ਮਗਰੋਂ ਪੁਲੀਸ ਵੱਲੋਂ ਜਬਰੀ ਕੇਸ ਦਰਜ ਕਰ ਕੇ ਤਿਹਾੜ ਜੇਲ੍ਹ ਵਿੱਚ ਬੰਦ ਕੀਤੇ ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਸੀ। ਉਸ ਸਮੇਂ ਤਿਹਾੜ ਜੇਲ੍ਹ ਵਿੱਚ ਵੀ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਾਈ ਦਿੰਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅਜਿਹੇ ਸਮੇਂ ਵਿੱਚ ਪੱਤਰਕਾਰ ਨੂੰ ਸਮਾਜ ਦਾ ਦਰਦ ਮਹਿਸੂਸ ਕਰ ਕੇ ਪੱਤਰਕਾਰੀ ਕਰਨ ਦੀ ਲੋੜ ਹੈ, ਜਿਸ ਨਾਲ ਸਮਾਜ ਦੀ ਅਸਲ ਸਚਾਈ ਨੂੰ ਲੋਕਾਂ ਤਕ ਪਹੁੰਚਾਈ ਜਾ ਸਕੇ।
ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬ ਤੋਂ ਸ਼ੁਰੂ ਹੋਏ ਕਿਸਾਨਾਂ ਦੇ ਸੰਘਰਸ਼ ਦੇ ਦਿੱਲੀ ਦੀਆਂ ਹੱਦਾਂ ਤਕ ਪੁੱਜਣ ਤਕ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਕਿਸਾਨ ਸੰਘਰਸ਼ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਹੈ। ਇਸ ਨੇ ਪੰਜਾਬ ਅਤੇ ਹਰਿਆਣਾ ਵਿਚਲੇ ਪਾੜੇ ਨੂੰ ਖਤਮ ਕਰਨ ਦਾ ਕੰਮ ਵੀ ਕੀਤਾ ਹੈ। ਉਨ੍ਹਾਂ ਨੇ ਗੁਜਰਾਤ ਦੇ ਕਿਸਾਨਾਂ ਦੇ ਹਾਲਾਤ ’ਤੇ ਵੀ ਚਾਨਣਾ ਪਾਇਆ।
ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਲੋਕ ਪੱਖੀ ਪੱਤਰਕਾਰੀ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦਾ ਢੰਗ ਭਾਵੇਂ ਬਦਲ ਜਾਵੇ ਪਰ ਉਦੇਸ਼ ਨਹੀਂ ਬਦਲਣਾ ਚਾਹੀਦਾ। ਪੰਜਾਬ ਲੇਖਕ ਸਭਾ ਚੰਡੀਗੜ੍ਹ ਨੇ ਆਏ ਹੋਏ ਮਹਿਮਾਨਾਂ ਦਾ ਗੁਲਦਸਤਿਆਂ ਦੀ ਬਜਾਏ ‘ਫ਼ਸਲ ਦਸਤਿਆਂ’ ਨਾਲ ਸਵਾਗਤ ਕੀਤਾ। ਮੰਚ ਸੰਚਾਲਨ ਭੁਪਿੰਦਰ ਮਲਿਕ ਨੇ ਕੀਤਾ। ਇਸ ਮੌਕੇ ਪੰਜਾਬ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸੁਰਜੀਤ ਸਿੰਘ ਧੀਰ, ਮੀਤ ਪ੍ਰਧਾਨ ਡਾ. ਅਵਤਾਰ ਸਿੰਘ, ਬਲਜੀਤ ਸਿੰਘ ਪਰਮਾਰ, ਅਮਰਜੀਤ ਸਿੰਘ ਵੜੈਚ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਮਨਜੀਤ ਕੌਰ ਮੀਤ, ਰਜਿੰਦਰ ਕੌਰ, ਪ੍ਰੀਤਮ ਰੂਪਾਲ, ਮਨਮੋਹਨ ਸਿੰਘ ਕਲਸੀ, ਬਲਵਿੰਦਰ ਕੌਰ ਹਾਜ਼ਰ ਸਨ।