ਪਾਲ ਸਿੰਘ ਨੌਲੀ
ਜਲੰਧਰ, 1 ਦਸੰਬਰ
ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੇ ਆਪੋ-ਆਪਣੇ ਦੇਸ਼ਾਂ ਵਿੱਚ ਕਿਸਾਨ ਅੰਦੋਲਨ ਮਘਾ ਦਿੱਤਾ ਹੈ। ਫਰਾਂਸ, ਇਟਲੀ, ਇੰਗਲੈਂਡ, ਜਰਮਨੀ, ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਸਮੇਤ ਹੋਰ ਮੁਲਕਾਂ ਵਿੱਚ ਲਗਾਤਾਰ ਕਿਸਾਨਾਂ ਦੇ ਹੱਕ ਵਿਚ ਸੰਘਰਸ਼ ਕੀਤੇ ਜਾ ਰਹੇ ਹਨ। ਅਮਰੀਕਾ ਵਿੱਚ ਤਿੰਨ ਵੱਡੀਆਂ ਸਿੱਖ ਜਥੇਬੰਦੀਆਂ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਪੋਸਟ ਅਤੇ ਵਰਲਡ ਸਿੱਖ ਪਾਰਲੀਮੈਂਟ ਡਟ ਕੇ ਕਿਸਾਨਾਂ ਦੀ ਹਮਾਇਤ ਕਰ ਰਹੀਆਂ ਹਨ। ਇਨ੍ਹਾਂ ਦੇ ਆਗੂਆਂ ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਅਮਰੀਕਾ ਅਤੇ ਯੂਰਪ ਦੇਸ਼ਾਂ ਵਿਚ ਭਾਰਤੀ ਦੂਤਾਵਾਸਾਂ ਅੱਗੇ ਰੋਸ ਵਿਖਾਵੇ ਕੀਤੇ ਜਾਣਗੇ। ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਉਨ੍ਹਾਂ ਦਾ ਰਾਬਤਾ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਮੋਬਾਈਲ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਸਬੰਧੀ ਦੁਨੀਆਂ ਭਰ ਦੇ ਸਿੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਵੱਲੋਂ ਆਨਲਾਈਨ ਕਾਨਫਰੰਸ ਕੀਤੀ ਜਾਵੇਗੀ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਕੀਤੇ ਗਏ ਮੁਜ਼ਾਹਰੇ ’ਚ ਸ਼ਾਮਿਲ ਮਨਜੀਤ ਸਿੰਘ ਗੌਰਸੀਆਂ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਰੋਸ ਮਾਰਚ ਵਿਚ ਹਿੱਸਾ ਲਿਆ।
ਇਟਲੀ ਦੇ ਸ਼ਹਿਰ ਮਿਲਾਨ ’ਚ ਵੀ ਕਿਸਾਨ ਸੰਘਰਸ਼ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ। ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਨੌਜਵਾਨਾਂ ਨੇ ਕਿਹਾ ਕਿ ਸੰਘਰਸ਼ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ। ਕੈਨੇਡਾ ਤੋਂ ਕੁਲਤਾਰਨ ਸਿੰਘ ਪਧਿਆਣਾ ਨੇ ਦੱਸਿਆ ਕਿ ਲੰਘੇ ਐਤਵਾਰ ਵਿੰਡਸਰ ਓਂਟਾਰੀਓ ਕੈਨੇਡਾ/ਅਮਰੀਕਾ ਸਰਹੱਦ ’ਤੇ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਸਰਹੱਦ ਲੰਘ ਰਹੇ ਟਰੱਕ ਡਰਾਈਵਰਾਂ ਨੇ ਹਾਰਨ ਮਾਰ ਕੇ ਇਸ ਦੀ ਹਮਾਇਤ ਕੀਤੀ।
ਫਰਾਂਸ ਦੀਆਂ ਜਥੇਬੰਦੀਆਂ ਵੀ ਕਿਸਾਨਾਂ ਦੇ ਹੱਕ ’ਚ ਨਿੱਤਰੀਆਂ
ਪੈਰਿਸ (ਗੁਰਪ੍ਰੀਤ ਸਿੰਘ ਕਾਹਲੋਂ): ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੀ ਗੂੰਜ ਪੂਰੇ ਵਿਸ਼ਵ ਵਿੱਚ ਪੈਣ ਲੱਗੀ ਹੈ। ਫਰਾਂਸ ਵਸਦੇ ਪੰਜਾਬੀ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਨੇ ਵੀ ਅੱਜ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਿੱਖ ਫੈਡਰੇਸ਼ਨ ਫਰਾਂਸ, ਇੰਟਰਨੈਸ਼ਨਲ ਸਿੱਖ ਕੌਂਸਲ ਅਤੇ ਸਿੱਖ ਆਰਗੇਨਾਈਜ਼ੇਸ਼ਨ ਫਰਾਂਸ ਵੱਲੋਂ ਭਾਈ ਕਸ਼ਮੀਰ ਸਿੰਘ ਗੋਸਲ, ਰਘੁਬੀਰ ਸਿੰਘ ਕੋਹਾੜ ਤੇ ਦਲਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਦੀ ਹੋਂਦ ਕਿਸਾਨੀ ’ਤੇ ਟਿਕੀ ਹੋਈ ਹੈ। ਕਿਸਾਨੀ ਖ਼ਤਮ ਹੋਣ ਨਾਲ ਪੰਜਾਬ ਖ਼ਤਮ ਹੋ ਜਾਵੇਗਾ।