ਸ੍ਰੀਨਗਰ/ਨਵੀਂ ਦਿੱਲੀ, 6 ਜਨਵਰੀ
ਜੰਮੂ ਕਸ਼ਮੀਰ ਦੇ ਚਾਰ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਨੂੰ ਮਿਲ ਰਹੀ ‘ਵਿਸ਼ੇਸ਼ ਸੁਰੱਖਿਆ ਗਰੁੱਪ’ (ਐੱਸਐੱਸਜੀ) ਦੀ ਸੁਰੱਖਿਆ ਹਟਣ ਦੇ ਆਸਾਰ ਹਨ ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ 2000 ’ਚ ਬਣੀ ਇਸ ਵਿਸ਼ੇਸ਼ ਯੂਨਿਟ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਕਦਮ ਕੇਂਦਰ ਵੱਲੋਂ 31 ਮਾਰਚ, 2020 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਜੰਮੂ ਕਸ਼ਮੀਰ ਪੁਨਰਗਠਨ ਆਰਡਰ, 2020 ਦੇ 19 ਮਹੀਨਿਆਂ ਮਗਰੋਂ ਉਠਾਇਆ ਗਿਆ ਹੈ। ਇਸ ’ਚ ਸਪੈਸ਼ਲ ਸਕਿਉਰਿਟੀ ਗਰੁੱਪ ਐਕਟ ’ਚ ਸੋਧ ਕਰਦਿਆਂ ਸਾਬਕਾ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐੱਸਐੱਸਜੀ ਸੁਰੱਖਿਆ ਦੇਣ ਦੀ ਧਾਰਾ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਫ਼ੈਸਲਾ ਸੁਰੱਖਿਆ ਸਮੀਖਿਆ ਤਾਲਮੇਲ ਕਮੇਟੀ ਵੱਲੋਂ ਲਿਆ ਗਿਆ ਜੋ ਜੰਮੂ ਕਸ਼ਮੀਰ ਦੀਆਂ ਅਹਿਮ ਹਸਤੀਆਂ ਨੂੰ ਮਿਲਦੀਆਂ ਧਮਕੀਆਂ ’ਤੇ ਨਜ਼ਰ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਫੋਰਸ ਦੇ ਜਵਾਨਾਂ ਦੀ ਗਿਣਤੀ ਨੂੰ ਘਟਾ ਕੇ ਐੱਸਐੱਸਜੀ ਨੂੰ ਸਹੀ ਆਕਾਰ ਦਿੱਤਾ ਜਾਵੇਗਾ ਅਤੇ ਹੁਣ ਇਸ ਦਾ ਮੁਖੀ, ਐੱਸਪੀ ਰੈਂਕ ਤੋਂ ਹੇਠਲਾ ਅਧਿਕਾਰੀ ਹੋਵੇਗਾ। ਉਂਜ ਅਧਿਕਾਰੀਆਂ ਦਾ ਮੰਨਣਾ ਹੈ ਕਿ ਐੱਸਐੱਸਜੀ ਦੇ ਘੇਰੇ ਨੂੰ ਘੱਟ ਕਰਨ ਬਾਰੇ ਮੁੜ ਤੋਂ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਸ਼ੇਸ਼ ਫੋਰਸ ਦੀਆਂ ਤਿਆਰੀਆਂ ’ਚ ਅੜਿੱਕਾ ਖੜ੍ਹਾ ਹੋ ਸਕਦਾ ਹੈ। ਐੱਸਐੱਸਜੀ ਨੂੰ ਹੁਣ ਮੌਜੂਦਾ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਫ਼ੈਸਲੇ ਨਾਲ ਫਾਰੂਕ ਅਬਦੁੱਲਾ, ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਦੀ ਸੁਰੱਖਿਆ ਅਜਿਹੇ ਸਮੇਂ ’ਚ ਹਟ ਜਾਵੇਗੀ ਜਦੋਂ ਸ੍ਰੀਨਗਰ ’ਚ ਕਈ ਦਹਿਸ਼ਤੀ ਘਟਨਾਵਾਂ ਵਾਪਰੀਆਂ ਹਨ। ਉਂਜ ਫਾਰੂਕ ਅਬਦੁੱਲਾ ਅਤੇ ਆਜ਼ਾਦ ਨੂੰ ਐੱਨਐੱਸਜੀ (ਬਲੈਕ ਕਮਾਂਡੋ) ਦੀ ਸੁਰੱਖਿਆ ਛੱਤਰੀ ਮਿਲਦੀ ਰਹੇਗੀ। -ਪੀਟੀਆਈ