ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 6 ਜਨਵਰੀ
ਇੱਥੋਂ ਦੀ ਅਨਾਜ ਮੰਡੀ ਵਿੱਚ ਅੱ! ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਪੁਲੀਸ ਵੱਲੋਂ ਸਿੱਧੂ ਦੀ ਆਮਦ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਵੱਲੋਂ ਐੱਨਐੱਚਐੱਮ ਦੇ ਕੁਝ ਮੁਲਾਜ਼ਮਾਂ ਨੂੰ ਗੱਡੀ ਵਿੱਚ ਬਿਠਾ ਕੇ ਪੁਲੀਸ ਲਾਇਨਜ਼ ਬਰਨਾਲਾ ਵਿੱਚ ਰੱਖਿਆ ਗਿਆ ਜਦਕਿ ਕੁਝ ਮੁਲਾਜ਼ਮਾਂ ਨੂੰ ਦਾਣਾ ਮੰਡੀ ਬਰਨਾਲਾ ਦੇ ਇੱਕ ਖੂੰਜੇ ਵਿੱਚ ‘ਖੁੱਲ੍ਹੀ ਆਰਜ਼ੀ ਜੇਲ੍ਹ’ ਬਣਾ ਕੇ ਹਿਰਾਸਤ ਵਿੱਚ ਰੱਖਿਆ ਗਿਆ। ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੂੰ ਐੱਨਐੱਚਐੱਮ ਮੁਲਾਜ਼ਮਾਂ ਦੇ ਆਸ-ਪਾਸ ਤਇਨਾਤ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਐੱਨਐੱਚਐੱਮ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ।
ਸਿਹਤ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਐੱਨਐੱਚਐੱਮ ਮੁਲਾਜ਼ਮਾਂ ਦਾ ਵਫਦ ਨਵਜੋਤ ਸਿੰਘ ਸਿੱਧੂ ਨਾਲ ਮਿਲਾਇਆ ਗਿਆ ਜਿਸ ਵਿੱਚ ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ, ਜ਼ਿਲ੍ਹਾ ਆਗੂ ਨੀਰਜ, ਅਮਨਦੀਪ ਕੌਰ ਸੀਐੱਚਓ, ਲਖਵੰਤ ਸਿੰਘ ਤੇ ਨਵਦੀਪ ਸਿੰਘ ਸ਼ਾਮਲ ਸਨ।
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਵਾਲੇ ਵਫਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਪੱਕੇ ਨਹੀਂ ਕੀਤੇ ਗਏ,ਇਸ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਐਲਾਨ ਉਸ ਨੇ ਨਹੀਂ ਕੀਤਾ ਬਲਕਿ ਚਰਨਜੀਤ ਸਿੰਘ ਚੰਨੀ ਦਾ ਐਲਾਨ ਹੈ। ਵਫਦ ਨੇ ਕਿਹਾ,‘ਤੁਸੀਂ ਔਰਤਾਂ ਬਾਰੇ ਵੱਡੇ ਵੱਡੇ ਐਲਾਨ ਕਰ ਰਹੇ ਹੋ, ਪਰ ਅਸੀਂ ਵੀ ਔਰਤਾਂ ਹੀ ਹਾਂ ਜੋ ਠੰਢ ਤੇ ਮੀਂਹ ਦੇ ਇਸ ਮੌਸਮ ਵਿੱਚ ਯੋਗਤਾ ਪੂਰੀ ਹੋਣ ਦੇ ਬਾਵਜੂਦ ਰੁਲ ਰਹੀਆਂ ਹਾਂ ਤਾਂ ਨਵਜੋਤ ਸਿੰਘ ਸਿੱਧੂ ਚੁੱਪ ਵੱਟ ਗਏ।’ ਐੱਨਐੱਚਐੱਮ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਵਾਪਰ ਰਿਹਾ ਹੈ। ਸਿੱਧੂ ਦੇ ਰੈਲੀ ਸਥਾਨ ਤੋਂ ਜਾਣ ਬਾਅਦ ਸਾਰੇ ਮੁਲਾਜਮ ਰਿਹਾਅ ਕਰ ਦਿੱਤੇ ਗਏ।