ਪੱਤਰ ਪ੍ਰੇਰਕ
ਸ਼ੇਰਪੁਰ, 18 ਅਪਰੈਲ
ਦੁਬਈ ਤੋਂ ਭਾਰਤ ਪਰਤੇ ਨੌਜਵਾਨ ਟੇਕਪ੍ਰੀਤ ਸਿੰਘ ਸਨੀ ਦੀ ਭੇਤਭਰੀ ਹਾਲਤ ’ਚ ਮੌਤ ਦਾ ਮਾਮਲਾ ਹਫ਼ਤਾ ਬੀਤ ਜਾਣ ’ਤੇ ਵੀ ਕਿਸੇ ਤਣ-ਪੱਤਣ ਨਹੀਂ ਲੱਗਿਆ। ਅੱਜ ਸੱਤਵੇਂ ਦਿਨ ਵੀ ਪੁਲੀਸ ਸੀਸੀਟੀਵੀ ਕੈਮਰੇ ਜਾਂਚਣ ਅਤੇ ਪੜਤਾਲ ਦੀ ਗੱਲ ਆਖ ਰਹੀ ਹੈ।
ਪੀੜਤ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਲਾਲੀ ਸਲੇਮਪੁਰ ਨੇ ਦੱਸਿਆ ਕਿ ਅੱਜ ਵੀ ਉਨ੍ਹਾਂ ਪੁਲੀਸ ਨਾਲ ਰਾਬਤਾ ਕੀਤਾ ਸੀ ਪਰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲੀਸ ਕੋਲ ਆਧੁਨਿਕ ਤਕਨੀਕਾਂ ਹੋਣ ਦੇ ਬਾਵਜੂਦ ਪੁਲੀਸ ਹਾਲੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਆਖਿਰ ਟੇਕਪ੍ਰੀਤ ਸਿੰਘ ਚੰਡੀਗੜ੍ਹ ਤੋਂ ਲੱਡਾ ਟੌਲ ਤੱਕ ਕਿਵੇਂ ਪਹੁੰਚਿਆ। ਜ਼ਖ਼ਮੀ ਕਿਵੇਂ ਹੋਇਆ ਅਤੇ ਉਸ ਦਾ ਸਸਕਾਰ ਕਰਨ ਤੋਂ ਪਹਿਲਾਂ ਕਿਹੜੇ ਅਖਬਾਰ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ। ਪੁਲੀਸ ਕੋਲ ਮਰਹੂਮ ਦਾ ਪਾਸਪੋਰਟ ਕਿਵੇਂ ਪੁੱਜਿਆ? ਟੇਕਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਹੂਮ ਨਮਿੱਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਸਲੇਮਪੁਰ ਦੇ ਗੁਰਦੁਆਰਾ ਵਿੱਚ 24 ਅਪਰੈਲ ਨੂੰ ਹੋਵੇਗੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਭਲਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ਤੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਦਿੱਤੀ ਤਾਂ ਇਨਸਾਫ਼ ਪ੍ਰਾਪਤੀ ਲਈ ਤਿੱਖਾ ਸੰਘਰਸ਼ ਉਲੀਕੇ ਜਾਣ ਲਈ ਵਿਉਂਤਬੰਦੀ ਕਰਨਗੇ। ਐੱਸਐੱਚਓ ਸਦਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।