ਲੰਬੀ (ਇਕਬਾਲ ਸਿੰਘ ਸ਼ਾਂਤ): ਸਾਲ ਵਿੱਚ ਤਿੰਨ-ਚਾਰ ਵਾਰ ਟੁੁੱਟਣ ਵਾਲੀ ਕਿੱਲਿਆਂਵਾਲੀ ਸਬ-ਮਾਈਨਰ ’ਚ ਅੱਜ ਮੁੜ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ। ਪਾੜ ਨਾਲ 25-30 ਏਕੜ ਕਿੰਨੂਆਂ ਦੇ ਬਾਗ਼ ਅਤੇ ਕਾਫ਼ੀ ਏਕੜ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ। ਵੜਿੰਗਖੇੜਾ ਦੇ ਸਰਪੰਚ ਦਰਸ਼ਨ ਸਿੰਘ ਵੜਿੰਗ ਅਤੇ ਕਿਸਾਨ ਕਸ਼ਮੀਰ ਸਿੰਘ ਖਾਲਸਾ ਨੇ ਕਿਹਾ ਕਿ ਟੇਲ ’ਤੇ ਸਥਿਤ ਹੋਣ ਕਰਕੇ ਇੱਥੇ ਹਮੇਸ਼ਾਂ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ। ਮੀਂਹਾਂ ਵੇਲੇ ਪਿੱਛਿਓਂ ਕਿਸਾਨਾਂ ਵੱਲੋਂ ਮੋਘੇ ਬੰਦ ਕੀਤੇ ਜਾਣ ਕਾਰਨ ਪਾਣੀ ਦਾ ਦਬਾਅ ਟੇਲ ’ਤੇ ਵਧ ਜਾਂਦਾ ਹੈ ਤੇ ਨਹਿਰੀ ਵਿਭਾਗ ਵੱਲੋਂ ਸਾਂਭ-ਸੰਭਾਲ ਨਾ ਕੀਤੇ ਜਾਣ ਕਰਕੇ ਕਿੱਲਿਆਂਵਾਲੀ ਸਬ-ਮਾਈਨਰ ਸਾਲ ’ਚ ਕਈ ਵਾਰ ਟੁੱਟ ਜਾਂਦੀ ਹੈ। ਪਾੜ ਕਾਰਨ ਕਿਸਾਨ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਦਾ ਕਦੇ ਵੀ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ। ਕਮਸ਼ੀਰ ਸਿੰਘ ਨੇ ਕਿਹਾ ਕਿ ਉਹ ਸਾਢੇ 37 ਏਕੜ ਰਕਬਾ 56 ਹਜ਼ਾਰ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਵਾਹੀ ਕਰਦਾ ਹੈ। ਪਾੜ ਨਾਲ ਉਸ ਸਮੇਤ ਕਈ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਹਨ। ਦੇਰ ਸ਼ਾਮ ਤੱਕ ਨਹਿਰੀ ਵਿਭਾਗ ਅਤੇ ਕਿਸਾਨਾਂ ਦੇ ਸਾਂਝੇ ਉਪਰਾਲੇ ਨਾਲ ਪਾੜ ਭਰ ਦਿੱਤਾ ਗਿਆ। ਨਹਿਰ ਵਿਭਾਗ ਦੇ ਐੱਸਡੀਓ ਕੁਨਾਲ ਆਨੰਦ ਨੇ ਕਿਹਾ ਕਿ ਮੀਂਹ ਜ਼ਿਆਦਾ ਪੈਣ ਕਾਰਨ ਕਈ ਵਾਰ ਪਾੜ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਵੱਲੋਂ ਨਹਿਰ ਦੇ ਰਕਬੇ ਦੀ ਮਿੱਟੀ ਖੁਰਚ ਕੇ ਬੀਜਾਂਦ ਕੀਤੇ ਜਾਣ ਨਾਲ ਪਾੜ ਪੈਣ ਦੇ ਆਸਾਰ ਵਧ ਜਾਂਦੇ ਹਨ।