ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਨਵੰਬਰ
ਪੰਜਾਬ ਸਰਕਾਰ ਦੀਆਂ ‘ਮੁਲਾਜ਼ਮ ਮਾਰੂ’ ਨੀਤੀਆਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ, ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਅਤੇ ਮੁਲਾਜ਼ਮਾਂ ਦੇ ਰਾਜਨੀਤਕ ਵਿੰਗ ਵੱਲੋਂ ਸਾਂਝੇ ਤੌਰ ’ਤੇ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਗਰਾਊਂਡ ਵਿਚ ਰੋਸ ਰੈਲੀ ਕੀਤੀ ਅਤੇ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਸਰਕਾਰ ਵੱਲੋਂ ਕੀਤੀਆਂ ਮੀਟਿੰਗਾਂ ਵਿੱਚ ਪ੍ਰਵਾਨਿਤ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਹੁਕਮਰਾਨ ਧਿਰ ਮੁਕਰਨ ਹੁੰਦੇ ਜਾ ਰਹੇ ਹਨ ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਸਰਕਾਰ ਦੀ ਇਨ੍ਹਾਂ ‘ਵਾਅਦਾ-ਖ਼ਿਲਾਫ਼ੀਆਂ’ ਦੇ ਮੱਦੇਨਜ਼ਰ ਮੁਲਾਜ਼ਮ ਵਰਗ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਊਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਮੁਲਾਜ਼ਮ ਸਰਕਾਰ ਦੇ ਮੂੰਹ ਵੱਲ ਤੱਕ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੱਡਾ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਸਾਂਝਾ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਨਿਰਮਲ ਸਿੰਘ ਸੈਣੀ, ਪਸ਼ੂ ਪਾਲਣ ਵਿਭਾਗ ਤੋਂ ਸ਼ਮਸ਼ੇਰ ਸਿੰਘ, ਗੁਰਮੇਲ ਸਿੰਘ ਸਿੱਧੂ, ਵਿੱਤ ਤੇ ਯੋਜਨਾ ਵਿਭਾਗ ਤੋਂ ਮਨਦੀਪ ਸਿੰਘ ਸਿੱਧੂ, ਪੁੱਡਾ ਤੋਂ ਚਰਨਜੀਤ ਕੌਰ, ਕੰਵਲਜੀਤ ਕੌਰ, ਪੰਜਾਬ ਸਿਵਲ ਸਕੱਤਰੇਤ ਤੋਂ ਗੁਰਪ੍ਰੀਤ ਸਿੰਘ, ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੈ। ਇਸੇ ਦੌਰਾਨ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਕੇ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਤੋਂ ਜਾਣੂ ਕਰਵਾਉਂਦਿਆਂ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗਿਣਤੀ ਲਗਭਗ 8 ਲੱਖ ਦੇ ਕਰੀਬ ਹੈ ਅਤੇ ਮੁਲਾਜ਼ਮ ਵਰਗ ਦੀਆਂ 45 ਲੱਖ ਵੋਟਾਂ ਹਨ।
ਰੈਲੀ ਵਿੱਚ ਸਿੱਖਿਆ ਬੋਰਡ ਸੇਵਾਮੁਕਤ ਮੁਲਾਜ਼ਮ ਜਥੇਬੰਦੀ ਦੇ ਆਗੂ ਗੁਰਮੇਲ ਸਿੰਘ ਮੌਜੋਵਾਲ ਸੁਸ਼ੀਲ ਕੁਮਾਰ, ਜਗਦੀਸ਼ ਸਿੰਘ, ਖੇਤੀਬਾੜੀ ਵਿਭਾਗ ਤੋਂ ਅਮਿਤ ਕਟੋਚ, ਪੰਚਾਇਤ ਵਿਭਾਗ ਤੋਂ ਜਗਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਸਵਿੰਦਰ ਸਿੰਘ, ਜਲ ਸਰੋਤ ਤੋਂ ਸੁਰਿੰਦਰ ਸਿੰਘ, ਸਫਾਈ ਕਰਮਚਾਰੀਆਂ ਦੇ ਪ੍ਰਧਾਨ ਹੰਸ ਰਾਜ, ਗੁਰਮੁੱਖ ਸਿੰਘ ਰਾਜਪੁਰਾ, ਰਣਜੀਤ ਸਿੰਘ ਡਿਪਟੀ ਸਕੱਤਰ ਸਿੱਖਿਆ, ਹੋਮ ਗਾਰਡ ਵੈਲਫੇਅਰ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਭਾਗ ਲਿਆ।