ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ
ਮੁਹਾਲੀ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਸ਼ਹਿਰ ’ਚ ਨੀਵੀਂਆਂ ਥਾਵਾਂ ’ਤੇ ਜਲ ਨਿਕਾਸੀ ਲਈ ਅੱਠ ਵਾਟਰ ਲਿਫ਼ਟਿੰਗ ਪੰਪ ਲਗਾਏ ਗਏ ਹਨ। ਇਹ ਗੱਲ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੇ ਕੌਂਸਲਰ ਰੁਪਿੰਦਰ ਕੌਰ ਰੀਨਾ ਦੇ ਵਾਰਡ ਫੇਜ਼-4 ’ਚ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਆਖੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਮਾਜ ਸੇਵੀ ਕੁਲਬੀਰ ਸਿੰਘ ਹਾਜ਼ਰ ਸਨ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਫੇਜ਼-4 ਅਤੇ ਫੇਜ਼-5 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਇਨ੍ਹਾਂ ਦੋਵੇਂ ਤੇ ਨੇੜਲੇ ਖੇਤਰਾਂ ਦਾ ਬਰਸਾਤੀ ਪਾਣੀ ਪਟਿਆਲਾ ਕੀ ਰਾਓ ਵਿੱਚ ਸੁੱਟਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਜਦੋਂਕਿ ਬਾਕੀ ਇਲਾਕੇ ਦਾ ਪਾਣੀ ਐਨ ਚੋਅ ਵਿੱਚ ਸੁੱਟਿਆ ਜਾਵੇਗਾ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬੋਗਨਵਿਲੀਆ ਪਾਰਕ ਨਾਲ ਇਕ ਆਰਜ਼ੀ ਵਾਟਰ ਲਿਫ਼ਟਿੰਗ ਪੰਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਫੌਰੀ ਰਾਹਤ ਮਿਲ ਸਕੇ।