ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਈ
ਨੀਲਕੰਠ ਹਸਪਤਾਲ ਵਿਚ ਬੀਤੇ ਦਿਨੀਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਬਣਾਈ ਗਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਸੌਂਪ ਦਿੱਤੀ ਹੈ, ਜਿਸ ਦੇ ਆਧਾਰ ’ਤੇ ਹਸਪਤਾਲ ਨੂੰ ਕਰੋਨਾ ਇਲਾਜ ਲਈ ਸੂਚੀਬੱਧ ਹਸਪਤਾਲਾਂ ’ਚੋਂ ਬਾਹਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 24 ਅਪਰੈਲ ਦੀ ਰਾਤ ਨੂੰ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚ ਪੰਜ ਕਰੋਨਾ ਮਰੀਜ਼ ਸਨ। ਇਸ ਮਗਰੋਂ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਹੁਕਮਾਂ ’ਤੇ ਡੀਸੀ ਵੱਲੋਂ ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਟਰ ਡਾ. ਰਜਤ ਓਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਆਧਾਰਤ ਕਮੇਟੀ ਬਣਾਈ ਗਈ। ਇਸ ਦੋ ਮੈਂਬਰੀ ਕਮੇਟੀ ਨੇ ਜਾਂਚ ਮਗਰੋਂ ਆਪਣੀ ਰਿਪੋਰਟ ਅੱਜ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਹਸਪਤਾਲ ਕਰੋਨਾ ਇਲਾਜ ਲਈ ਜ਼ਰੂਰੀ ਮਾਪਦੰਡਾਂ ’ਤੇ ਖਰਾ ਨਹੀਂ ਉੱਤਰਦਾ। ਇਸ ਤੋਂ ਇਲਾਵਾ ਇਨ੍ਹਾਂ ਕੋਲ ਮਾਹਿਰ ਡਾਕਟਰਾਂ ਦੀ ਵੀ ਕਮੀ ਹੈ। ਕਮੇਟੀ ਅਨੁਸਾਰ ਹਸਪਤਾਲ ਪ੍ਰਬੰਧਕਾਂ ਕੋਲ ਕਰੋਨਾ ਦੇ ਇਲਾਜ ਲਈ ਆਕਸੀਜਨ ਦਾ ਬਫਰ ਸਟਾਕ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਘਟਨਾ ਵਾਲੇ ਦਿਨ ਵੀ ਪ੍ਰਬੰਧਕਾਂ ਨੇ ਆਕਸੀਜਨ ਖਤਮ ਹੋਣ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਨਹੀਂ ਲਿਆਂਦਾ। ਉਕਤ ਰਿਪੋਰਟ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਨੇ ਨੀਲਕੰਠ ਹਸਪਤਾਲ ਨੂੰ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਸੂਚੀਬੱਧ ਕੀਤੇ ਗਏ ਹਸਪਤਾਲਾਂ ਦੀ ਸੂਚੀ ’ਚੋਂ ਬਾਹਰ ਕਰ ਦਿੱਤਾ ਹੈ। ਡੀਸੀ ਨੇ ਕਿਹਾ ਕਿ ਇਹ ਰਿਪੋਰਟ ਅਗਲੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਭੇਜੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਜਾਂਚ ਕਮੇਟੀ ਕੋਲ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਾਧੂ ਪੈਸੇ ਵਸੂਲਣ ਦੀ ਵੀ ਸ਼ਿਕਾਇਤ ਕੀਤੀ।