ਪੱਤਰ ਪ੍ਰੇਰਕ
ਸ਼ਾਹਕੋਟ, 3 ਮਾਰਚ
ਅੱਜ ਪਏ ਮੀਂਹ ਨੇ ਠੰਢ ਵਿੱਚ ਇਕ ਵਾਰ ਫਿਰ ਅਚਾਨਕ ਵਾਧਾ ਕਰ ਦਿੱਤਾ ਹੈ। ਮੀਂਹ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵੀ ਚੋਖਾ ਵਾਧਾ ਹੋ ਗਿਆ ਹੈ। ਠੰਢੇ ਮੌਸਮ ਨੇ ਕਿਸਾਨਾਂ ਦੀ ਖਰਬੂਜੇ ਅਤੇ ਹਦਵਾਣੇ ਦੀ ਫਸਲ ਬਿਜਾਈ ਦੀ ਆਸ ਵੀ ਬੁਝਾ ਦਿੱਤੀ ਹੈ। ਕਿਸਾਨ ਹਰਜਿੰਦਰ ਸਿੰਘ ਬਾਗਪੁਰ ਦਾ ਕਹਿਣਾ ਸੀ ਕਿ ਇਸ ਵਰਖਾ ਨਾਲ ਆਲੂਆਂ ਦੀ ਪੁਟਾਈ ਸਮੇਂ ਕੀਤੀ ਜਾਣ ਵਾਲੀ ਚੁਗਾਈ ਸੌਖੇ ਢੰਗ ਨਾਲ ਹੋਣ ਲੱਗ ਪਵੇਗੀ। ਪਿਛਲੇ ਦਿਨਾਂ ਵਿਚ ਪਏ ਭਾਰੀ ਮੀਂਹ ਨਾਲ ਆਲੂਆਂ ਦੀਆਂ ਕਤਾਰਾਂ ਵਿੱਚ ਮੀਂਹ ਦਾ ਪਾਣੀ ਖੜਨ ਨਾਲ ਮਿੱਟੀ ਸਖਤ ਹੋ ਗਈ ਸੀ। ਜਿਸ ਕਾਰਨ ਆਲੂਆਂ ਦੀ ਚੁਗਾਈ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਸਨ। ਅੱਜ ਹੋਈ ਵਰਖਾ ਨਾਲ ਪੁਟਾਈ ਤੋਂ ਬਾਅਦ ਚੁਗਾਈ ਵੀ ਸੌਖੀ ਹੋ ਜਾਵੇਗੀ। ਕਿਸਾਨ ਸੁੱਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਖਰਬੂਜੇ ਤੇ ਹਦਵਾਣੇ ਦੀ ਬਿਜਾਈ ਕਰਨ ਲਈ ਗਰਮ ਮੌਸਮ 40 ਤੋਂ 45 ਡਿਗਰੀ ਦਾ ਤਾਪਮਾਨ ਚਾਹੀਦਾ ਹੈ। ਪਰ ਇਸ ਵਾਰ ਲਗਾਤਾਰ ਠੰਢਾ ਮੌਸਮ ਇਸ ਫਸਲ ਦੀ ਬਿਜਾਈ ਹੋਣ ਦੀਆਂ ਘੱਟ ਹੀ ਸੰਭਾਵਨਾਵਾਂ ਹਨ। ਕਿਸਾਨ ਜਸਪਾਲ ਸਿੰਘ ਕੋਟਲੀ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਫਸਲ ਦਾ ਵਾਜਬ ਭਾਅ ਨਾ ਮਿਲਣ ਕਾਰਣ ਕਿਸਾਨਾਂ ਨੇ ਇਸ ਫਸਲ ਤੋਂ ਵੀ ਮੂੰਹ ਮੋੜ ਲਿਆ ਹੈ। ਕਿਸਾਨ ਮੇਜਰ ਸਿੰਘ ਬਾਜਵਾ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੱਕੀ ਦੀਆਂ ਨਵੀਆਂ ਕਿਸਮਾਂ ਤਿਆਰ ਕਰਨ ਤੇ ਮੱਕੀ ਨੂੰ ਝੋਨੇ ਤੇ ਕਣਕ ਦੇ ਬਦਲ ਵਜੋਂ ਵੀ ਪੇਸ ਕਰਨ ਨਾਲ ਕਿਸਾਨਾਂ ਦਾ ਰੁਝਾਨ ਮੱਕੀ ਦੀ ਬਿਜਾਈ ਵੱਲ ਜ਼ਿਆਦਾ ਲੱਗ ਰਿਹਾ ਹੈ। ਦਰਬਾਰਾ ਸਿੰਘ ਰੂਪੇਵਾਲੀ ਦਾ ਕਹਿਣਾ ਸੀ ਕਿ ਮੱਕੀ ਨੂੰ ਕੁਝ ਸਮਾਂ ਸਟੋਰ ਕਰਨ ਤੋਂ ਬਾਅਦ ਵੇਚੇ ਜਾਣ ਨਾਲ ਵਾਜਬ ਕੀਮਤ ਮਿਲਣ ਦੀ ਸੰਭਾਵਨਾ ਰਹਿੰਦੀ ਹੈ।