ਲੰਡਨ, 9 ਦਸੰਬਰ
ਇੰਗਲੈਂਡ ਵਿਚ ਅੱਜ ਹਾਈ ਕੋਰਟ ਨੇ ਭਾਰਤੀ ਅਧਿਕਾਰੀਆਂ ਦੀ ਉਹ ਅਪੀਲ ਰੱਦ ਕਰ ਦਿੱਤੀ ਜੋ ਕਿ ਮੈਜਿਸਟਰੇਟ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਗਈ ਸੀ। ਮੈਜਿਸਟਰੇਟ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਕੁਲਦੀਪ ਸਿੰਘ ਦੀ ਹਵਾਲਗੀ ਸਬੰਧੀ ਅਪੀਲ ਰੱਦ ਕਰ ਦਿੱਤੀ ਸੀ। ਕੁਲਦੀਪ ਸਿੰਘ ਉਰਫ਼ ਕੀਪਾ ਸਿੱਧੂ ਭਾਰਤ ਵਿਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦਾ ਮੈਂਬਰ ਹੋਣ ਕਰ ਕੇ ਲੋੜੀਂਦਾ ਹੈ। ਕੁਲਦੀਪ ਸਿੰਘ ’ਤੇ 2015-16 ਵਿਚ ਪੰਜਾਬ ’ਚ ਸਾਥੀਆਂ ਨਾਲ ਮਿਲ ਕੇ ਅਤਿਵਾਦੀ ਗਤੀਵਿਧੀਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਉੱਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਹੈ। ਕੁਲਦੀਪ (44) ’ਤੇ ਪੰਜਾਬ ਵਿਚ ਨੌਜਵਾਨਾਂ ਨੂੰ ਪੈਸੇ ਦੇ ਕੇ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵਿਚ ਭਰਤੀ ਕਰਨ ਅਤੇ ਇਕ ਗੁਰਦੁਆਰੇ ਵਿਚ ਵੱਖਵਾਦੀਆਂ ਦੀ ਇਕ ਮੀਟਿੰਗ ਕਰਨ ਦਾ ਦੋਸ਼ ਵੀ ਹੈ। ਹਵਾਲਗੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਇੱਥੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਦੇ ਜ਼ਿਲ੍ਹਾ ਜੱਜ ਗੈਰੇਥ ਬ੍ਰੈਂਸਟਨ ਨੇ ਜਨਵਰੀ ਵਿਚ ਕੁਲਦੀਪ ਦੀ ਹਵਾਲਗੀ ਦੀ ਅਪੀਲ ਰੱਦ ਕਰ ਦਿੱਤੀ ਸੀ। -ਪੀਟੀਆਈ