ਪੱਤਰ ਪ੍ਰੇਰਕ
ਫਾਜ਼ਿਲਕਾ, 3 ਮਾਰਚ
ਬੀਤੀ ਰਾਤ ਫਾਜ਼ਿਲਕਾ ਦੀ ਸੈਨੀਆਂ ਰੋਡ ’ਤੇ ਸਥਿਤ ਵਾਰਵਲ ਆਨਲਾਈਨ ਪੁਆਇੰਟ ’ਤੇ ਚੋਰਾਂ ਨੇ ਦੁਕਾਨ ਦੀ ਕੰਧ ’ਚ ਸੰਨ੍ਹ ਲਗਾਕੇ ਨਗਦੀ ਅਤੇ ਮੁਬਾਈਲ ਚੋਰੀ ਕਰ ਲਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਸੰਚਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਅਤੇ ਅੱਜ ਸਵੇਰੇ ਵੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਚੋਰ ਦੁਕਾਨ ਦੇ ਅੰਦਰੋਂ ਸਾਮਾਨ ਅਤੇ ਨਗਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਵੇਖੇ ਤਾਂ ਪਤਾ ਲੱਗਿਆ ਕਿ 2 ਚੋਰ ਦੁਕਾਨ ਦੇ ਅੰਦਰੋਂ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਨਾਲ ਜੋ ਮਕਾਨ ਬੰਦ ਪਿਆ ਹੈ ਉਸ ਦਾ ਤਾਲਾ ਤੋੜ ਕੇ ਅਤੇ ਕੰਧ ’ਚ ਸੰਨ੍ਹ ਲਗਾ ਕੇ ਦੁਕਾਨ ਦੇ ਅੰਦਰ ਦਾਖ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਗੱਲੇ ’ਚੋ ਜੋ 25 ਤੋਂ 30 ਹਜ਼ਾਰ ਰੁਪਏ ਪਏ ਸਨ ਉਹ ਅਤੇ 10 ਨਵੇਂ ਫੋਨ, ਕੁਝ ਰਿਪੇਅਰ ਵਾਲੇ ਫੋਨ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ’ਚ ਉਨ੍ਹਾਂ ਦਾ ਲਗਪਗ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।