ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਦਸੰਬਰ
ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਸਾਲ ਤੋਂ ਜ਼ਿਆਦਾ ਦਿਨਾਂ ਤੱਕ ਡਟੇ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਹਰਿਆਣਾ ਤੇ ਦਿੱਲੀ ਦੇ ਲੋਕਾਂ ਨੇ ਦਿਲੋਂ ਨਿਵਾਜਿਆ। ਸਥਾਨਕ ਲੋਕਾਂ ਦੀ ਮਦਦ ਸਦਕਾ ਹੀ ਕਿਸਾਨ ਔਖੀਆਂ ਹਾਲਤਾਂ ਵਿੱਚ ਸਾਲ ਭਰ ਮੋਰਚੇ ਵਿੱਚ ਟਿਕੇ ਰਹੇ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਹੌਸਲੇ ਨਹੀਂ ਛੱਡੇ। ਮੋਰਚੇ ਵਿੱਚ ਔਰਤ ਆਗੂਆਂ ਨੇ ਵੀ ਭਰਵੀਂ ਹਾਜ਼ਰੀ ਲਵਾਈ। ਅਜਿਹੀਆਂ ਔਰਤਾਂ ਦਾ ਮੋਰਚੇ ਵੱਲੋਂ ਸਿੰਘੂ ਵਿੱਚ ਸਨਮਾਨ ਕੀਤਾ ਗਿਆ। ਮੋਰਚੇ ਵਿੱਚ ਜੈ ਕਿਸਾਨ ਅੰਦੋਲਨ ਦੀ ਮਹਿਲਾ ਆਗੂ ਰਾਵਿੰਦਰ ਕੌਦ ਗਿੱਲ ਸਮੇਤ ਮਮਤਾ ਕਾਦੀਆਂ, ਸੁਮਨ ਹੁੱਡਾ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਰਚੇ ਦੌਰਾਨ ਉਹ ਸ਼ਾਮਲ ਹੋ ਕੇ ਖ਼ੁਦ ਨੂੰ ਧੰਨਭਾਗੀ ਮੰਨਦੀਆਂ ਹਨ। ਜਦੋਂ ਤੱਕ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਬਾਰਡਰਾਂ ਤੋਂ ਮੋਰਚਿਆਂ ਤੱਕ ਪਹੁੰਚਣਾ ਸੌਖਾ ਸੀ ਤਾਂ ਦਿੱਲੀ ਦੇ ਲੋਕਾਂ ਨੇ ਵੀ ਕਿਸਾਨਾਂ ਦੀ ਖੂਬ ਸੇਵਾ ਕੀਤੀ।
ਹਰਿਆਣਾ ਦੇ ਸੋਨੀਪਤ, ਪਾਣੀਪਤ ਦੇ ਕਿਸਾਨਾਂ ਤੇ ਸਥਾਨਕ ਕੁੰਡਲੀ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਪੰਜਾਬ ਤੋਂ ਹਰਿਆਣਾ ਸਰਕਾਰ ਦੀਆਂ ਰੋਕਾਂ ਭੰਨ ਕੇ ਸਿੰਘੂ ਵਿੱਚ 25 ਨਵੰਬਰ 2020 ਦੇ ਦਿਨ ਆਏ ਕਿਸਾਨਾਂ ਲਈ ਦਿਲ ਖੋਲ੍ਹ ਦਿੱਤਾ। ਰੋਜ਼ਾਨਾ ਦੀ ਲੋੜਾਂ ਲਈ ਉਕਤ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਦੁੱਧ, ਲੱਸੀ, ਬਾਲਣ, ਸਬਜ਼ੀਆਂ ਤੇ ਹੋਰ ਸਾਮਾਨ ਦੀ ਪੂਰਤੀ ਕੀਤੀ। ਕਿਸਾਨਾਂ ਨੇ ਪੰਜਾਬ ਤੋਂ ਹੀ 6 ਮਹੀਨੇ ਦਾ ਰਾਸ਼ਨ ਇਕੱਠਾ ਨਾਲ ਲਿਆਂਦਾ ਸੀ। ਮੋਰਚਿਆਂ ਦੌਰਾਨ ਹਰਿਆਣਾ-ਪੰਜਾਬ ਕਿਸਾਨ ਏਕਤਾ ਦੇ ਨਾਅਰੇ ਬੁਲੰਦ ਹੋਣ ਲੱਗੇ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਨਿਰਭੈ ਸਿੰਘ ਢੁੱਡੀਕੇ ਤੇ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਰੋਕਾਂ ਤੋੜਨ ਦੌਰਾਨ ਅੱਥਰੂ ਗੈਸ ਦੇ ਗੋਲੇ ਉਨ੍ਹਾਂ ਦੇ ਸਾਹਮਣੇ ਡਿੱਗੇ। ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਜਥਾ ਤੇ ਪੰਜਾਬ ਦੀਆਂ ਕਰੀਬ 15 ਜਥੇਬੰਦੀਆਂ ਮਾਲਵੇ ਤੋਂ ਟਿਕਰੀ ਬਾਰਡਰ ਵਿੱਚ ਪੁੱਜ ਗਈਆਂ। ਇਨ੍ਹਾਂ ਯੂਨੀਅਨਾਂ ਦਾ ਸਾਥ ਬਹਾਦਰਗੜ੍ਹ, ਝੱਜਰ ਤੇ ਗੁਰੂਗ੍ਰਾਮ ਦੇ ਕਿਸਾਨਾਂ ਨੇ ਦਿੱਤਾ। ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ 2021 ਦੀਆਂ ਘਟਨਾਵਾਂ ਮਗਰੋਂ, ਜੋ ਤਣਾਅ ਭਰਿਆ ਮਾਹੌਲ ਦਿੱਲੀ ਦੇ ਮੋਰਚਿਆਂ ਉਪਰ ਬਣ ਗਿਆ ਸੀ, ਉੱਦੋਂ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਮੋਢਾ ਜੋੜਿਆ।
ਪਲਵਲ ਮੋਰਚੇ ਦੇ ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ
ਫਰੀਦਾਬਾਦ (ਪੱਤਰ ਪ੍ਰੇਰਕ): 26 ਜਨਵਰੀ 2021 ਦੀਆਂ ਘਟਨਾਵਾਂ ਮਗਰੋਂ ਇੱਕ ਵਾਰ ਉੱਖੜ ਕੇ ਮੁੜ ਸਥਾਨਕ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਪਲਵਲ ਮੋਰਚੇ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਈ ਤੇ ਮਿਠਾਈਆਂ ਵੰਡੀਆਂ। ਜੱਟ ਸਿੱਖ ਸਭਾ, ਫਰੀਦਾਬਾਦ ਦੇ ਪ੍ਰਧਾਨ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਕਿਸਾਨਾਂ ਨੇ ਭੰਗੜੇ ਪਾਏ ਤੇ ਕਿਸਾਨਾਂ ਦੇ ਸਿਰੜ ਨੂੰ ਸਿਜਦਾ ਕੀਤਾ। ਮੰਗਲ ਸਿੰਘ ਨੇ ਕਿਹਾ ਕਿ ਦਿੱਲੀ ਤੇ ਐੱਨਸੀਆਰ ਵਿੱਚ ਕਿਸਾਨ ਅੰਦੋਲਨ ਦਾ ਅਸਰ ਸਾਲ ਭਰ ਰਿਹਾ ਤੇ ਸਰਕਾਰਾਂ ਦੇ ਨੱਕ ਵਿੱਚ ਕਿਸਾਨਾਂ ਨੇ ਦਮ ਕਰੀ ਰੱਖਿਆ। ਆਖ਼ੀਰ ਸ਼ਾਂਤਮਈ ਰਹਿ ਕੇ ਜਿੱਤ ਹਾਸਲ ਕੀਤੀ। 26-27 ਨਵੰਬਰ 2020 ਨੂੰ ਮੱਧ ਪ੍ਰਦੇਸ਼ ਤੇ ਹੋਰ ਮੱਧ ਭਾਰਤ ਦੇ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਇਹ ਮੋਰਚਾ ਮੱਲਿਆ ਸੀ ਪਰ ਹਿੰਸਾ ਮਗਰੋਂ ਮੱਧ ਪ੍ਰਦੇਸ਼ ਦੇ ਕਿਸਾਨ ਘਰਾਂ ਨੂੰ ਪਰਤ ਗਏ ਸਨ। ਫਿਰ ਪਲਵਲ ਤੇ ਬੱਲਭਗੜ੍ਹ ਦੇ ਕਿਸਾਨਾਂ ਨੇ ਖ਼ੁਦ ਹੀ ਮੋਰਚਾ ਸਾਂਭਿਆ ਤੇ ਲਗਾਤਾਰ 100 ਤੋਂ ਲੈ ਕੇ 200 ਤੱਕ ਕਿਸਾਨ ਰੋਜ਼ਾਨਾ ਮੋਰਚੇ ੳੇਪਰ ਹਾਜ਼ਰੀ ਭਰਦੇ ਰਹੇ।