ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਮਾਰਚ
ਲਾਗਲੇ ਪਿੰਡ ਉਦੇਕਰਨ ਦਾ ਗੁਰਕੀਰਤ ਸਿੰਘ ਰੂਸ-ਯੁੂਕਰੇਨ ਯੁੱਧ ਦੀ ਮਾਰ ਵਿੱਚੋਂ ਬਚ ਕੇ ਆਪਣੇ ਘਰ ਪਰਤ ਆਇਆ ਹੈ ਪਰ ਆਪਣੇ ਭਵਿੱਖ ਦੀ ਪੜ੍ਹਾਈ ਨੂੰ ਲੈ ਕੇ ਉਸ ਦੀ ਚਿੰਤਾ ਯੁੱਧ ਦੀ ਮਾਰ ਨਾਲੋਂ ਵੀ ਜ਼ਿਆਦਾ ਹੈ| ਗੁਰਕੀਰਤ ਸਿੰਘ, ਯੁੂਕਰੇਨ ਦੇ ਸੂਬੇ ਜ਼ਕਰਪਾਸਕਾ ਦੀ ‘ਓਜਜਰੋਹਦ ਨੈਸ਼ਨਲ ਯੂਨੀਵਰਸਿਟੀ’ ਵਿੱਚ ਪੰਜਵੇਂ ਸਾਲ ਦਾ ਵਿਦਿਆਰਥੀ ਹੈ| ਉਸ ਨੇ ਦੱਸਿਆ ਕਿ ਜ਼ਕਰਪਾਸਕਾ, ਖਾਰਕੋਵ ਤੋਂ ਬਹੁਤ ਦੂਰ ਹੈ| ਇਸ ਲਈ ਉਥੇ ਯੁੱਧ ਦਾ ਕੋਈ ਬਹੁਤਾ ਅਸਰ ਨਹੀਂ ਹੈ| 24 ਫਰਵਰੀ ਨੂੰ ਉਨ੍ਹਾਂ ਦੀ ਯੂਨੀਵਰਸਿਟੀ ਨੇ ਆਨ-ਲਾਈਨ ਕਲਾਸਾਂ ਲਾਉਣ ਵਾਸਤੇ ਕਹਿ ਕੇ ਯੂਨੀਵਰਸਿਟੀ ਵਿੱਚੋਂ ਤੋਰ ਦਿੱਤਾ ਸੀ ਅਤੇ 25 ਫਰਵਰੀ ਨੂੰ ਲੜਾਈ ਲੱਗ ਗਈ| ਉਹ ਹੰਗਰੀ ਬਾਰਡਰ ਰਾਹੀਂ ਵਾਪਸ ਆਇਆ ਅਤੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ| ਹੁਣ ਗੁਰਕੀਰਤ ਦੀ ਭਵਿੱਖ ਦੀ ਪੜ੍ਹਾਈ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ| ਉਸ ਨੇ ਦੱਸਿਆ ਕਿ ਜੇਕਰ ਭਾਰਤ ਰੂਸ ਨਾਲ ਖੜ੍ਹਦਾ ਹੈ ਤਾਂ ਇਸ ਨਾਲ ਯੁੂਕਰੇਨ ਨਾਰਾਜ਼ ਹੋਵੇਗਾ ਅਤੇ ਇਸ ਦਾ ਖਮਿਆਜ਼ਾ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਬਰਬਾਦੀ ਦੇ ਰੂਪ ਵਿੱਚ ਭੁਗਤਣਾ ਪਵੇਗਾ| ਉਨ੍ਹਾਂ ਅਪੀਲ ਕੀਤੀ ਕਿ ਭਾਰਤ ਸਰਕਾਰ, ਯੁੂਕਰੇਨ ਸਰਕਾਰ ਨਾਲ ਨਰਮ ਰਵੱਈਆ ਰੱਖੇ| ਗੁਰਕੀਰਤ ਸਿੰਘ ਨੇ ਦੱਸਿਆ ਕਿ ਖਾਰਕੋਵ ਵਿੱਚ ਫਸੇ ਵਿਦਿਆਰਥੀਆਂ ਨੂੰ ਰੂਸ ਵਿੱਚ ਦੀ ਕੱਢਣਾ ਸੌਖਾ ਹੈ ਕਿਉਂਕਿ ਹੰਗਰੀ, ਸੋਲੋਵਾਕੀਆ, ਪੋਲੈਂਡ ਅਤੇ ਰੋਮਾਨੀਆ ਦਾ ਬਾਰਡਰ ਤਾਂ ਉਥੋਂ 14 ਸੌ ਕਿਲੋਮੀਟਰ ਤੋਂ ਵੱਧ ਦੂਰੀ ’ਤੇ ਹੈ ਜਦੋਂ ਕਿ ਰੂਸ ਮਹਿਜ਼ 50 ਕਿਲੋਮੀਟਰ ਹੈ|