ਪਾਲ ਸਿੰਘ ਨੌਲੀ
ਜਲੰਧਰ,4 ਫਰਵਰੀ
ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਧੀ ਰਾਤ ਨੂੰ ਫੜੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿਥੇ ਉਸ ਨੂੰ 4 ਦਿਨਾਂ ਲਈ 8 ਫਰਵਰੀ ਤੱਕ ਰਿਮਾਂਡ `ਤੇ ਭੇਜ ਦਿੱਤਾ ਗਿਆ ਹੈ। ਈਡੀ ਦੇ ਅਧਿਕਾਰੀ ਹੁਣ ਹਨੀ ਕੋਲੋਂ ਹੋਰ ਵੀ ਪੁੱਛ-ਪੜਛਾਲ ਕਰ ਸਕਣਗੇ।ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਹਨੀ ਨੂੰ ਵੀਰਵਾਰ ਦੇਰ ਰਾਤ ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਪਹਿਲਾਂ ਹਨੀ ਤੋਂ ਜਲੰਧਰ ਸਥਿਤ ਏਜੰਸੀ ਦੇ ਦਫਤਰ ‘ਚ ਕਈ ਘੰਟੇ ਪੁੱਛ ਪੜਤਾਲ ਕੀਤੀ ਗਈ। ਸੂਤਰਾਂ ਨੇ ਦਾਅਵਾ ਕੀਤਾ ਕਿ ਪੁੱਛ ਪੜਤਾਲ ਦੌਰਾਨ ਹਨੀ ਜਵਾਬ ਦੇਣ ਤੋਂ ਟਾਲਾ ਵੱਟ ਰਿਹਾ ਸੀ ਅਤੇ ਇਸ ਲਈ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਹਨੀ ਚੰਨੀ ਦੀ ਸਾਲੀ ਦਾ ਪੁੱਤ ਹੈ।