ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੁਲਾਈ
ਕਿਸਾਨ ਆਗੂਆਂ ਤੇ ਯੂਨੀਅਨਾਂ ਦੇ ਕਾਰਕੁਨਾਂ ਨੇ ਕੇਐੱਮਪੀ ਚੌਕ ਕੋਲ ਡੇਰੇ ਲਾਉਂਦਿਆਂ ਭਾਜਪਾ ਪੱਖੀਆਂ ਵੱਲੋਂ ਮਾਰਚ ਕੱਢ ਕੇ ਮਾਹੌਲ ਤਲਖ਼ ਬਣਾਉਣ ਦੀ ਕਥਿਤ ਸਾਜਿਸ਼ ਫੇਲ੍ਹ ਕਰ ਦਿੱਤੀ ਹੈ।
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਾਈ ਹਲਕੇ ਦੇ ਕੁਝ ਲੋਕਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਦੇ ਮੋਰਚੇ ਤੋਂ ਕਰੀਬ 7 ਕਿਲੋਮੀਟਰ ਪਹਿਲਾਂ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸਵੇਅ ਵਾਲੇ ਚੌਕ ’ਤੇ ਮਾਰਚ ਕੱਢਣ ਦੀ ਵਿਉਂਤ ਦੀ ਸੀ, ਜਿਸ ਦੀ ਭਿਣਕ ਮੋਰਚੇ ਦੇ ਆਗੂਆਂ ਨੂੰ ਲੱਗ ਗਈ। ਮੋਰਚੇ ਦੇ ਨੇੜੇ ਹਾਲਾਤ ਤਣਾਅਪੂਰਨ ਬਣਨ ਅਤੇ ਸੱਤਾਧਾਰੀ ਧਿਰ ਵੱਲੋਂ 22 ਜੁਲਾਈ ਦੀ ਕਿਸਾਨ-ਸੰਸਦ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਸੰਭਾਵੀ ਚਾਲ ਤੋਂ ਰੋਕਣ ਤੋਂ ਰੋਕਣ ਲਈ ਇਸ ਲਈ ਕਿਸਾਨ ਆਗੂਆਂ ਤੇ ਯੂਨੀਅਨਾਂ ਦੇ ਕਾਰਕੁਨਾਂ ਨੇ ਉਕਤ ਚੌਕ ਦੇ ਪੁਲ ਹੇਠਾਂ ਇਕੱਠ ਕਰ ਲਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਭਿਣਕ ਪੈ ਗਈ ਸੀ ਕਿ ਕੁਝ ਲੋਕ ਸਥਾਨਕ ਹੋਣ ਦਾ ਦਾਅਵਾ ਕਰਦੇ ਹੋਏ ਸਿੰਘੂ ਮੋਰਚੇ ਕੋਲ ਮਾਰਚ ਕੱਢਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਸਨ, ਜਿਸ ਕਰਕੇ ਕਿਸਾਨਾਂ ਨੂੰ ਸੰਜਮ ਵਿੱਚ ਰਹਿਣ ਲਈ ਕਿਹਾ ਗਿਆ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਨੌਜਵਾਨ ਕਾਰਕੁਨਾਂ ਨੇ ਸਥਿਤੀ ਦੇਖਦੇ ਹੋਏ ਜ਼ਿੰਮੇਵਾਰੀ ਸਾਂਭੀ। ਲੌਂਗੋਵਾਲ ਨੇ ਦੱਸਿਆ ਕਿ ਉੱਧਰ ਹਰਿਆਣਾ ਪੁਲੀਸ ਵੱਲੋਂ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਪਰ ਜੋ ਲੋਕ ਰਾਹ ਖੋਲ੍ਹਣ ਦੀ ਮੰਗ ਦੇ ਨਾਂ ’ਤੇ ਮਾਰਚ ਕੱਢਣਾ ਚਾਹੁੰਦੇ ਸਨ ਉਹ ਇਕੱਠੇ ਨਹੀਂ ਹੋ ਸਕੇ।