ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 14 ਸਤੰਬਰ
ਅਕਾਲੀ ਸਰਕਾਰ ਵੱਲੋਂ 2011 ਵਿੱਚ ਲਗਪਗ 14 ਕਰੋੜ ਰੁਪਏ ਦੀ ਲਾਗਤ ਨਾਲ 35 ਹਜ਼ਾਰ ਸਿੰਘ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਰੋਹੀੜਾ ਵਿੱਚ ਵੱਡਾ ਘੱਲੂਘਾਰਾ ਸ਼ਹੀਦੀ ਸਮਾਰਕ ਦਾ ਨਿਰਮਾਣ ਕੀਤਾ ਗਿਆ। ਸਰਕਾਰ ਵੱਲੋਂ ਕਈ ਏਕੜ ਜ਼ਮੀਨ ਵਿਚ ਸ਼ਾਨਦਾਰ ਇਮਾਰਤਾਂ ਤੋਂ ਇਲਾਵਾ ਇੱਕ ਮਹਾਕੱਦ ਖੰਡਾ ਅਤੇ ਥੀਏਟਰ ਦੀ ਉਸਾਰੀ ਕੀਤੀ ਗਈ ਤਾਂ ਕਿ ਉਥੇ ਆਉਣ ਵਾਲੇ ਲੋਕਾਂ ਨੂੰ ਸ਼ਹਾਦਤ ਦਾ ਜਾਮ ਪੀਣ ਵਾਲੀਆਂ ਸਿੱਖ ਸਖ਼ਸ਼ੀਅਤਾਂ ਦੇ ਜੀਵਨ ਪ੍ਰਤੀ ਪੂਰੀ ਜਾਣਕਾਰੀ ਮਿਲ ਸਕੇ। ਹੈਰਾਨੀ ਇਸ ਗੱਲ ਦੀ ਹੈ ਕਿ ਸ਼ਹੀਦੀ ਸਮਾਰਕ ਨੂੰ ਤਿਆਰ ਤਾਂ ਸਮੇਂ ਦੀ ਸਰਕਾਰ ਵੱਲੋਂ ਕਰ ਦਿੱਤਾ ਗਿਆ ਪਰ ਹੁਣ ਤੱਕ ਪੂਰੀ ਤਰ੍ਹਾਂ ਸਮਾਰਕ ਅੰਦਰੋਂ ਸੰਗਤਾਂ ਨੂੰ ਜਾਣਕਾਰੀ ਕਦੇ ਵੀ ਨਾ ਮਿਲ ਸਕੀ। ਕਈ ਵਾਰ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਸ਼ਹੀਦੀ ਸਮਾਰਕ ਬੰਦ ਵੀ ਰਿਹਾ। ਕਰੋਨਾ ਤੋਂ ਬਾਅਦ ਹੁਣ ਜਦ ਸਮਾਰਕ ਅੰਦਰ ਸੰਗਤਾਂ ਦਰਸ਼ਨ ਕਰਨ ਲਈ ਆ ਰਹੀਆਂ ਹਨ ਤਾਂ ਸਿਵਾਏ ਪਾਰਕ ਦੀ ਸੈਰ ਕਰਨ ਤੋਂ ਹੋਰ ਕੁਝ ਉੱਥੇ ਵਿਖਾਈ ਨਹੀਂ ਦਿੰਦਾ। ਆਲੀਸ਼ਾਨ ਇਮਾਰਤਾਂ ਦੇ ਜਗ੍ਹਾ-ਜਗ੍ਹਾ ਤੋਂ ਸੀਮਿੰਟ ਦੇ ਖਲੇਪੜ ਉਖੜ ਰਹੇ ਹਨ ਅਤੇ ਫਰਸ਼ ’ਤੇ ਘਾਹ ਉੱਗ ਚੁੱਕਿਆ ਹੈ। ਜਿਸ ਥੀਏਟਰ ਅੰਦਰ ਸਿੱਖ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਦੇ ਵੀ ਗਾਹੇ-ਬਗਾਹੇ ਖੁੱਲ੍ਹਣ ਉਪਰੰਤ ਉੱਥੇ ਸਿਰਫ ਇਕ ਦੋ ਧਾਰਮਿਕ ਫ਼ਿਲਮਾਂ ਵਿਖਾ ਕੇ ਸਮਾਂ ਲੰਘਾਇਆ ਜਾਂਦਾ ਹੈ। ਮਹਿਜ਼ ਕੁਝ ਜਗ੍ਹਾ ਸਿੱਖ ਜਰਨੈਲਾਂ ਅਤੇ ਸ਼ਹੀਦਾਂ ਦੇ ਸੰਖੇਪ ਇਤਿਹਾਸ ਦੇ ਬੋਰਡ ਲਾ ਕੇ ਖਾਨਾਪੂਰਤੀ ਕੀਤੀ ਗਈ ਹੈ। ਪਹਿਰਾ ਦੇ ਰਹੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਕਰੀਬ 250 ਦੀ ਗਿਣਤੀ ਵਿਚ ਸੰਗਤ ਹੋਵੇ ਤਦ ਹੀ ਉਨ੍ਹਾਂ ਨੂੰ ਧਾਰਮਿਕ ਫ਼ਿਲਮ ਵਿਖਾਈ ਜਾਂਦੀ ਹੈ। ਸਰਕਾਰ ਵੱਲੋਂ ਸ਼ਹੀਦੀ ਸਮਾਰਕ ਨੂੰ ਤਿਆਰ ਕਰਨ ਤੋਂ ਬਾਅਦ ਉਸ ਦੇ ਰੱਖ-ਰਖਾਅ ਅਤੇ ਸਾਂਭ ਸੰਭਾਲ ਲਈ ਇਕ ਨਿੱਜੀ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ। ਸਮਾਰਕ ਵਿਚ ਪਹੁੰਚੀਆਂ ਸੰਗਤਾਂ ਨੇ ਆਖਿਆ ਕਿ ਪ੍ਰਾਈਵੇਟ ਕੰਪਨੀ ਅਤੇ ਸਰਕਾਰ ਦੇ ਆਪਸੀ ਉਲਝਾਵੇ ’ਚ ਇਹ ਸ਼ਹੀਦੀ ਸਮਾਰਕ ਅੱਜ ਆਪਣੇ ਸ਼ਹੀਦਾਂ ਦੀ ਯਾਦ ਤੋਂ ਖ਼ੁਦ ਹੀ ਵਾਂਝਾ ਰਹਿ ਸਿਰਫ ਟਹਿਲਣ ਲਈ ਪਾਰਕ ਪ੍ਰਤੀਤ ਹੁੰਦਾ ਹੈ। ਅਹਿਮਦਗੜ੍ਹ ਦੇ ਐੱਸ.ਡੀ.ਐੱਮ. ਹਰਬੰਸ ਸਿੰਘ ਨੇ ਆਖਿਆ ਕਿ ਸ਼ਹੀਦੀ ਸਮਾਰਕ ਅੰਦਰ ਜੋ ਵੀ ਤਰੁੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਜਲਦ ਦੂਰ ਕਰਵਾਉਣਗੇ।
ਕੈਪਸ਼ਨ–ਯਾਦਗਾਰੀ ਇਮਾਰਤ ਤੋਂ ਉੱਖੜ ਰਹੇ ਸੀਮਿੰਟ ਦੇ ਖਲੇਪੜ ਅਤੇ ਫਰਸ਼ ’ਤੇ ਉੱਗਿਆ ਘਾਹ।