ਕਰਮਜੀਤ ਸਿੰਘ ਚਿੱਲਾ
ਬਨੂੜ, 12 ਨਵੰਬਰ
ਬਨੂੜ ਦੇ ਵਾਰਡ ਨੰਬਰ-2 ਵਿੱਚ ਪੈਂਦੇ ਪਿੰਡ ਬੱਸੀ ਈਸੇ ਖਾਂ ਵਿੱਚ ਅੱਜ ਡਿੱਪੂ ਹੋਲਡਰ ਵੱਲੋਂ ਸੁਸਰੀ ਖਾਧੇ ਛੋਲੇ ਲਾਭਪਾਤਰੀਆਂ ਨੂੰ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਵਸਨੀਕਾਂ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਆਖਿਆ ਕਿ ਲੋਕਾਂ ਲਈ ਵੰਡੇ ਜਾ ਰਹੇ ਗੈਰ ਮਿਆਰੀ ਛੋਲੇ ਪਸ਼ੂਆਂ ਨੂੰ ਖੁਆਏ ਜਾਣ ਦੇ ਲਾਇਕ ਵੀ ਨਹੀਂ ਹਨ।
ਇਲਾਕਾ ਵਾਸੀ ਦੌਲਤ ਰਾਮ, ਜਗਦੀਸ਼ ਚੰਦ, ਜਸਵੀਰ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਮੇਵਾ ਸਿੰਘ, ਜਸਪਾਲ ਸਿੰਘ, ਹਾਕਮ ਸਿੰਘ ਆਦਿ ਨੇ ਪੱਤਰਕਾਰਾਂ ਦੀ ਟੀਮ ਨੂੰ ਖਰਾਬ ਛੋਲੇ ਦਿਖਾਏ। ਉਨ੍ਹਾਂ ਦੱਸਿਆ ਕਿ ਇਹ ਛੋਲੇ ਅੱਜ ਦੁਪਹਿਰੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਬਿਲਕੁਲ ਖਰਾਬ ਪਏ ਇਨ੍ਹਾਂ ਛੋਲਿਆਂ ਸਬੰਧੀ ਉਨ੍ਹਾਂ ਡਿੱਪੂ ਹੋਲਡਰ ਨੂੰ ਆਖਿਆ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਜੋ ਉਨ੍ਹਾਂ ਕੋਲ ਭੇਜੇ ਗਏ ਹਨ, ਉਹੀ ਤੁਹਾਨੂੰ ਵੰਡ ਦਿੱਤੇ ਗਏ ਹਨ। ਪਿੰਡ ਵਾਸੀਆਂ ਨੇ ਆਖਿਆ ਕਿ ਇਨ੍ਹਾਂ ਛੋਲਿਆਂ ਨੂੰ ਖਾ ਕੇ ਲੋਕਾਂ ਦੇ ਬਿਮਾਰ ਹੋਣ ਦਾ ਵੀ ਡਰ ਹੈ। ਉਨ੍ਹਾਂ ਮੰਗ ਕੀਤੀ ਕਿ ਇਸਦੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਸਾਫ਼ ਛੋਲੇ ਮੁਹੱਈਆ ਕਰਵਾਏ ਜਾਣ।
ਇਸ ਸਬੰਧੀ ਜਦੋਂ ਡਿੱਪੂ ਹੋਲਡਰ ਗੁਲਜ਼ਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਥੋੜੇ ਜਿਹੇ ਛੋਲੇ ਹੀ ਖਰਾਬ ਸਨ, ਬਾਕੀ ਠੀਕ ਸਨ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਨੇ ਉਸਦੀ ਗੈਰ ਹਾਜ਼ਰੀ ਵਿੱਚ ਬੇਧਿਆਨੀ ਨਾਲ ਇਸ ਦੀ ਵੰਡ ਕਰ ਦਿੱਤੀ।
ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ: ਇੰਸਪੈਕਟਰ
ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਵਿਕਰਮ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈਂ ਦਿਨਾਂ ਤੋਂ ਦਾਲ ਅਤੇ ਕਣਕ ਦੀ ਮੁਫ਼ਤ ਵੰਡ ਕੀਤੀ ਜਾ ਰਹੀ ਹੈ ਤੇ ਕਿੱਧਰੋਂ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਬਸੀ ਈਸੇ ਖਾਂ ਵਿੱਚ ਖਰਾਬ ਛੋਲਿਆਂ ਦੀ ਵੰਡ ਦੀ ਉਹ ਜਾਂਚ ਕਰਨਗੇ ਅਤੇ ਖਰਾਬ ਛੋਲੇ ਵਾਪਸ ਕਰ ਕੇ ਨਵੇਂ ਮੁਹੱਈਆ ਕਰਾ ਦਿੱਤੇ ਜਾਣਗੇ।