ਮੇਜਰ ਸਿੰਘ ਮੱਟਰਾਂ
ਭਵਾਨੀਗੜ, 17 ਮਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨ ਨਾਲ ਹਿਸਾਬ ਕਿਤਾਬ ਵਿਚ ਕਥਿਤ ਧੋਖਾਧੜੀ ਕਰਨ ਵਾਲੇ ਅਤੇ ਹਿਸਾਬ ਕਿਤਾਬ ਕਰਵਾਉਣ ਲਈ ਗਏ ਕਿਸਾਨ ਆਗੂਆਂ ਨਾਲ ਹੱਥੋਪਾਈ ਕਰਕੇ ਕਥਿਤ ਬੰਦੀ ਬਣਾਉਣ ਵਾਲੇ ਆੜ੍ਹਤੀਏ ਖ਼ਿਲਾਫ਼ ਪੁਲੀਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨੇੜਲੇ ਪਿੰਡ ਕਾਲਾਝਾੜ ਵਿੱਚ ਆੜ੍ਹਤੀਏ ਤੇ ਕਿਸਾਨ ਦਰਮਿਆਨ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ ਸੀ, ਜਦੋਂ ਹਿਸਾਬ ਕਿਤਾਬ ਕਰਵਾਉਣ ਗਏ ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂਆਂ ਨਾਲ ਆੜ੍ਹਤੀਏ ਅਤੇ ਉਸ ਦੀ ਹਮਾਇਤ ਵਿੱਚ ਆਏ ਕਿਸਾਨਾਂ ਨੇ ਕਥਿਤ ਧੱਕਾ-ਮੁੱਕੀ ਕੀਤੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਝਗੜਾ ਵਧਣ ਤੋਂ ਰੋਕਿਆ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਕਾਲਾਝਾੜ ਦੇ ਕਿਸਾਨ ਸਤਨਾਮ ਸਿੰਘ ਤੇ ਉਸ ਦੇ ਭਰਾ ਪਿਛਲੇ 30-35 ਸਾਲ ਤੋਂ ਆਪਣੀ ਫ਼ਸਲ ਆੜ੍ਹਤੀਏ ਰੋਸ਼ਨ ਲਾਲ, ਕਾਕਾ ਰਾਮ ਪਿੰਡ ਕਾਲਾਝਾੜ ਕੋਲ ਵੇਚਦੇ ਸਨ। ਇਸੇ ਦੌਰਾਨ ਆੜ੍ਹਤੀਏ ਦੇ ਗ਼ਲਤ ਰਵੱਈਏ ਕਾਰਨ ਉਹ 2020 ਤੋਂ ਸਮਾਣਾ ਮੰਡੀ ਵਿੱਚ ਫ਼ਸਲ ਵੇਚਣ ਲੱਗ ਪਏ। ਇਸੇ ਦੌਰਾਨ ਕਿਸਾਨ ਯੂਨੀਅਨ ਨੇ ਆੜ੍ਹਤੀਆ ਐਸੋਸੀਏਸ਼ਨ ਨੂੰ ਵੀ ਦੱਸਿਆ ਸੀ ਕਿ ਉਕਤ ਆੜ੍ਹਤੀਏ ਵੱਲੋਂ ਕਿਸਾਨ ਵੱਲੋਂ ਦੁਕਾਨ ’ਤੇ ਵੇਚਣ ਲਈ ਸੁੱਟੇ ਕਣਕ ਦੇ 440 ਥੈਲਿਆਂ ਦੀ ਕਥਿਤ ਐਂਟਰੀ ਹੀ ਨਹੀਂ ਪਾਈ ਗਈ।
ਇਸ ਐਂਟਰੀ ਸਬੰਧੀ ਯੂਨੀਅਨ ਨੇ 15 ਮਈ ਨੂੰ ਪਿੰਡ ਕਾਲਾਝਾੜ ਵਿੱਚ ਆੜ੍ਹਤੀਏ ਨਾਲ ਹਿਸਾਬ ਕਿਤਾਬ ਲਈ ਮੀਟਿੰਗ ਰੱਖੀ ਸੀ। ਇਸ ਦੌਰਾਨ ਆੜ੍ਹਤੀਏ ਨੇ ਕੁਝ ਹੋਰ ਵਿਅਕਤੀਆਂ ਸਮੇਤ ਪਿੰਡ ਤੇ ਆਸ ਪਾਸ ਦੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਇਕੱਠ ਕਰ ਲਿਆ। ਇਸ ਦੌਰਾਨ ਆੜ੍ਹਤੀਏ ਦੀ ਸ਼ਹਿ ’ਤੇ ਹੁੱਲੜਬਾਜ਼ੀ ਕੀਤੀ ਗਈ ਅਤੇ ਕੁੱਝ ਨੇ ਕਿਸਾਨ ਆਗੂਆਂ ਨਾਲ ਹੱਥੋਪਾਈ ਵੀ ਹੋਈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਮਰੇ ਵਿੱਚ ਬੰਦੀ ਬਣਾ ਲਿਆ ਗਿਆ। ਦੂਜੇ ਪਾਸੇ ਆੜ੍ਹਤੀਏ ਰੋਸ਼ਨ ਲਾਲ ਨੇ ਉਲਟਾ ਦੋਸ਼ ਲਗਾਇਆ ਕਿ ਯੂਨੀਅਨ ਵਾਲੇ ਕਿਸਾਨਾਂ ਤੇ ਆੜ੍ਹਤੀਆਂ ਵਿੱਚ ਟਕਰਾਅ ਪੈਦਾ ਕਰ ਰਹੇ ਹਨ। ਪਿੰਡ ਦੇ ਵਸਨੀਕ ਗੁਰਦੀਪ ਸਿੰਘ ਕਾਲਾਝਾੜ, ਸਮਸ਼ੇਰ ਸਿੰਘ, ਸਾਬਕਾ ਸਰਪੰਚ ਵਰਿੰਦਰ ਸਿੰਘ, ਬਲਵਿੰਦਰ ਸਿੰਘ ਲੱਖੇਵਾਲ ਆਦਿ ਨੇ ਕਿਹਾ ਕਿ ਯੂਨੀਅਨ ਵਾਲੇ ਦਖ਼ਲਅੰਦਾਜ਼ੀ ਕਰਕੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ ।