ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਫੇਸਬੁੱਕ ਇੰਡੀਆ ਨੇ 27 ਅਕਤੂਬਰ 2021 ਦੇ ਨੋਟਿਸ ਤੋਂ ਬਾਅਦ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ 14 ਦਿਨਾਂ ਦਾ ਸਮਾਂ ਮੰਗਿਆ ਹੈ। ਫੇਸਬੁੱਕ ਨੇ ਕਮੇਟੀ ਦੇ ਸਾਹਮਣੇ ਸੀਨੀਅਰ ਨੁਮਾਇੰਦਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਮਾਂ ਮੰਗਿਆ ਹੈ ਤਾਂ ਜੋ ਕਮੇਟੀ ਨੂੰ ਲੋੜੀਂਦੀ ਜਾਣਕਾਰੀ ਤੇ ਜ਼ਰੂਰੀ ਡਾਟਾ ਦਿੱਤਾ ਜਾ ਸਕੇ। ਇਸ ਸਬੰਧ ਵਿੱਚ ਫੇਸਬੁੱਕ ਇੰਡੀਆ ਦੇ ਪਬਲਿਕ ਪਾਲਿਸੀ ਦੇ ਮੁਖੀ ਦੁਆਰਾ 29 ਅਕਤੂਬਰ 2021 ਨੂੰ ਈਮੇਲ ਰਾਹੀਂ ਇੱਕ ਬੇਨਤੀ ਕੀਤੀ ਗਈ ਸੀ। ਇਸ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਰਾਘਵ ਚੱਢਾ ਨੇ ਫੇਸਬੁੱਕ ਦੀ ਬੇਨਤੀ ਅਤੇ ਇਸ ਵਿੱਚ ਦਿੱਤੇ ਕਾਰਨਾਂ ’ਤੇ ਵਿਚਾਰ ਕੀਤਾ। ਇਸ ਤੋਂ ਬਾਅਦ ਫੇਸਬੁੱਕ ਇੰਡੀਆ ਨੂੰ ਉੱਚਿਤ ਸੀਨੀਅਰ ਪ੍ਰਤੀਨਿਧ ਉਪਲਬਧ ਕਰਾਉਣ ਲਈ ਸਮਾਂ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਅਨੁਸਾਰ ਕਮੇਟੀ ਦੀ ਕਾਰਵਾਈ 18 ਨਵੰਬਰ, 2021 ਨੂੰ ਦੁਪਹਿਰ 12.30 ਵਜੇ ਲਈ ਮੁੜ ਤੈਅ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਦਾਨੰਦ ਸ਼ਾਹ, ਡਿਪਟੀ ਸਕੱਤਰ (ਕਮੇਟੀ) ਨੇ ਪੱਤਰ ਵਿੱਚ ਲਿਖਿਆ, ‘‘ਦਿੱਲੀ ਵਿੱਚ ਫਰਵਰੀ 2020 ਵਿੱਚ ਫਿਰਕੂ ਹਿੰਸਾ ਅਤੇ ਅਸਹਿਮਤੀ ਦੇਖੀ ਗਈ ਸੀ। ਫੇਸਬੁੱਕ ਉਪਰ ਨਫ਼ਰਤੀ ਸੰਦੇਸ਼ਾਂ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਦੀ ਉਕਤ ਕਮੇਟੀ ਨੇ ਫੇਸਬੁੱਕ ਸੋਸ਼ਲ ਮੀਡੀਆ ਮੰਚ ਨੂੰ ਸੱਦਿਆ ਸੀ।